ਕਪੂਰਥਲਾ: ਪਹਿਲੇ ਮੈਗਾ ਰੁਜ਼ਗਾਰ ਮੇਲੇ ਦੀ ਸ਼ਾਨਦਾਰ ਸ਼ੁਰੂਆਤ-ਪਹਿਲੇ ਦਿਨ ਹੀ 1521 ਨੌਜਵਾਨਾਂ ਦੀ ਨੌਕਰੀ ਲਈ ਚੋਣ
ਬਲਵਿੰਦਰ ਸਿੰਘ ਧਾਲੀਵਾਲ
- 4 ਮੇਲਿਆਂ ਦੌਰਾਨ 14 ਹਜ਼ਾਰ ਅਸਾਮੀਆਂ ’ਤੇ ਹੋਵੇਗੀ ਭਰਤੀ
- ਡਿਪਟੀ ਕਮਿਸ਼ਨਰ ਨੇ ਵਧਾਇਆ ਨੌਜਵਾਨਾਂ ਦਾ ਹੌਸਲਾ- ਰੁਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ
ਸੁਲਤਾਨਪੁਰ ਲੋਧੀ, 9 ਸਤੰਬਰ 2021 - ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਕਸਦ ਨਾਲ 9 ਤੋਂ 17 ਸਤੰਬਰ ਤੱਕ ਕਰਵਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਵਿਚ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪਹਿਲੇ ਰੁਜ਼ਗਾਰ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਹੋਈ, ਜਿਸ ਵਿਚ ਪਹਿਲੇ ਦਿਨ ਹੀ 1521 ਨੌਜਵਾਨਾਂ ਦੀ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਨੌਕਰੀ ਲਈ ਚੋਣ ਕੀਤੀ ਗਈ।
ਸਵੇਰੇ 9 ਵਜੇ ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਭਾਰੀ ਮੀਂਹ ਦੇ ਬਾਵਜੂਦ ਮੇਲੇ ਵਿਚ ਸ਼ਿਰਕਤ ਕੀਤੀ ਅਤੇ ਰਜਿਸਟ੍ਰੇਸ਼ਨ ਉਪਰੰਤ ਇੰਟਰਵਿਊ ਵਿਚ ਭਾਗ ਲਿਆ। ਜਿਲਾ ਪ੍ਰਸ਼ਾਸ਼ਨ ਵਲੋਂ ਬੱਚਿਆਂ ਨੂੰ ਦੂਰ ਦੁਰਾਡੇ ਖੇਤਰਾਂ ਤੋਂ ਲਿਆਉਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਰੁਜ਼ਗਾਰ ਮੇਲੇ ਦੇ ਪਹਿਲੇ ਦਿਨ ਜਿੱਥੇ 1263 ਬੱਚਿਆਂ ਨੇ ਨਿੱਜੀ ਤੌਰ ’ਤੇ ਆ ਕੇ ਨੌਕਰੀ ਲਈ ਇੰਟਰਵਿਊ ਦਿੱਤੀ ਉੱਥੇ ਹੀ 716 ਬੱਚਿਆਂ ਨੇ ਵਰਚੁਅਲ ਤਰੀਕੇ ਨਾਲ ਇੰਟਰਵਿਊ ਵਿਚ ਭਾਗ ਲਿਆ। ਇਸ ਤਰਾਂ ਕੁੱਲ 1979 ਬੱਚਿਆਂ ਵਿਚੋਂ 1521 ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ ਹੈ।
ਜਿਹੜੀਆਂ ਕੰਪਨੀਆਂ ਵਲੋਂ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ ਉਨਾਂ ਵਿਚ ਟੈਕ ਮਹਿੰਦਰਾ, ਆਈ.ਟੀ.ਸੀ. , ਜੇ.ਸੀ.ਟੀ. ਹਮੀਰਾ, ਐਮਾਜੋਨ ਪੇਅ, ਐਨ.ਆਈ.ਆਈ.ਟੀ., ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਇੰਸਇੰਡ ਬੈਂਕ, ਸਕਿਊਰਡ ਮੀਟਰਜ਼ ਲਿਮਿ., ਏ ਵਨ ਜੀ, ਪੁਖਰਾਜ, ਐਸ .ਬੀ.ਆਈ ਲਾਇਫ, ਵਰਧਮਾਨ ਟੈਕਸਟਾਇਲ, ਚੈਕਮੈਟ, ਏਜਾਇਲ, ਕੋਟੈਕ ਮਹਿੰਦਰਾ, ਰਿਲਾਇੰਸ ਨਿਪੁੰਨ, ਐਸ.ਡੀ. ਕੋਟੈਕਸ, ਰੈਕਸਟੈਪ , ਕੰਪੈਕਟ ਸਾਇਨਰਜੀ, ਡਾਇਮੰਡ ਵਰਲਡ, ਐਚ.ਡੀ.ਐਫ.ਸੀ. ਬੈਂਕ, ਜਗਦੰਬੇ ਇੰਡਸਟਰੀਜ਼ ਸ਼ਾਮਿਲ ਹਨ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ, ਮੇਅਰ ਕੁਲਵੰਤ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਐਸ ਪੀ ਆਂਗਰਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਵਲੋਂ ਮੇਲੇ ਦੌਰਾਨ ਸ਼ਿਰਕਤ ਕਰਕੇ ਬਿਨੈਕਾਰਾਂ ਨਾਲ ਗੱਲਬਾਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨਾਲ ਗੱਲਬਾਤ ਦੌਰਾਨ ਉਨਾਂ ਨੂੰ ਮੇਲਿਅਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੱਸਿਆ ਕਿ 9 ਤੋਂ 17 ਸਤੰਬਰ ਦੇ ਮੇਲਿਆਂ ਦੌਰਾਨ 14 ਹਜ਼ਾਰ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਜਿਲਾ ਰੁਜ਼ਗਾਰ ਬਿਊਰੋ ਦੀ ਮੁਖੀ ਸ੍ਰੀਮਤੀ ਨੀਲਮ ਮਹੇ ਨੇ ਕਿਹਾ ਕਿ ਕਪੂਰਥਲਾ ਵਿਖੇ ਇਹ ਮੇਲਾ 10 ਸਤੰਬਰ ਨੂੰ ਵੀ ਜਾਰੀ ਰਹੇਗਾ। ਇਸ ਪਿੱਛੋਂ 14 ਸਤੰਬਰ ਨੂੰ ਐਸ.ਡੀ. ਕਾਲਜ ਸੁਲਤਾਨਪੁਰ ਲੋਧੀ, 16 ਤੇ 17 ਸਤੰਬਰ ਨੂੰ ਰਾਮਗੜੀਆ ਕਾਲਜ ਫਗਵਾੜਾ ਤੇ 17 ਸਤੰਬਰ ਨੂੰ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਹੋਵੇਗਾ।
ਕੈਪਸ਼ਨ- ਕਪੂਰਥਲਾ ਵਿਖੇ ਸ਼ੁਰੂ ਹੋਏ ਮੈਗਾ ਰੁਜ਼ਗਾਰ ਮੇਲੇ ਦੇ ਪਹਿਲੇ ਦਿਨ ਨੌਜਵਾਨਾਂ ਦੀ ਹੌਸਲਾ ਅਫਜਾਈ ਲਈ ਪੁੱਜੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ, ਮੇਅਰ ਕੁਲਵੰਤ ਕੌਰ , ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ ਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਸ ਪੀ ਆਂਗਰਾ।