ਹਰੇਕ ਵਪਾਰੀ ਖਰੀਦ-ਵੇਚ ਦਾ ਬਿਲ ਜ਼ਰੂਰ ਜਾਰੀ ਕਰੇ ਤੇ ਜੀ.ਐਸ.ਟੀ. ਰਿਟਰਨਸ ਸਮੇਂ ਸਿਰ ਭਰੇ - ਮਨੋਹਰ ਸਿੰਘ
ਜੀ ਐਸ ਪੰਨੂ
ਪਟਿਆਲਾ, 9 ਸਤੰਬਰ,2021 - ਵਪਾਰੀਆ ਨੂੰ ਹਰੇਕ ਖਰੀਦ-ਵੇਚ ਦਾ ਬਿੱਲ ਜਾਰੀ ਕਰਨ ਸਬੰਧੀ ਜਾਗਰੂਕ ਕਰਨ ਲਈ ਰਾਜ ਕਰ (ਜੀ.ਐਸ.ਟੀ.) ਪਟਿਆਲਾ ਦੇ ਸਹਾਇਕ ਕਮਿਸ਼ਨਰ ਮਨੋਹਰ ਸਿੰਘ ਨੇ ਜ਼ਿਲ੍ਹੇ ਦੀਆਂ ਵੱਖ-ਵੱਖ ਵਪਾਰਕ ਐਸੋਸ਼ੀਏਸ਼ਨ ਦੇ ਨੁਮਾਂਦਿਆਂ ਨਾਲ ਮੀਟਿੰਗ ਕੀਤੀ। ਸਹਾਇਕ ਕਮਿਸ਼ਨਰ ਨੇ ਸਮੂਹ ਵਪਾਰਕ ਐਸੋਸ਼ੀਏਸ਼ਨ ਨੂੰ ਜਿੱਥੇ ਆਨਲਾਇਨ ਸੀ/ਐਫ/ਐਚ/ਈ-1 ਆਦਿ ਫਾਰਮ ਜਮ੍ਹਾਂ ਕਰਵਾਉਣ ਸੰਬੰਧੀ ਜਾਣੂ ਕਰਵਾਇਆ , ਉਥੇ ਹੀ ਖਰੀਦ ਅਤੇ ਵੇਚ ਦੇ ਬਿਲ ਜਾਰੀ ਕਰਨ ਲਈ ਵੀ ਕਿਹਾ ।
ਮਨੋਹਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਲ 2014-15 ਤੋਂ 2016-17 ਤੱਕ ਦੇ ਬਕਾਇਆਂ ਸਟੈਚੂਟਰੀ ਫਾਰਮਾਂ ਨੂੰ ਆਨ ਲਾਈਨ ਪੋਰਟਲ www.taxation.punjab.gov.in 'ਤੇ ਅਪਲੋਡ ਕਰਨ ਅਤੇ ਕਾਪੀਆਂ ਦਫਤਰ ਵਿਖੇ ਜਮ੍ਹਾਂ ਕਰਵਾਈਆਂ ਜਾਣ। ਉਨ੍ਹਾਂ ਨੇ ਨਾਲ ਹੀ ਸਮੂਹ ਵਪਾਰਕ ਐਸੋਸ਼ੀਏਸ਼ ਨੂੰ ਕਿਹਾ ਕਿ ਉਹ ਆਪਣੇ ਆਪਣੇ ਐਸੋਸ਼ੀਏਸ਼ਨ ਦੇ ਮੈਂਬਰ ਵਪਾਰੀਆਂ ਨੂੰ ਵੀ ਇਸ ਸੰਬੰਧੀ ਜਾਣੂ ਕਰਵਾਉਣ।
ਇਸ ਤੋਂ ਇਲਾਵਾ ਜੀ.ਐਸ.ਟੀ. ਅਧੀਨ ਸਾਰੀਆਂ ਰਿਟਰਨਾਂ ਸਮੇਂ 'ਤੇ ਭਰਣੀਆਂ ਯਕੀਨੀ ਬਣਾਉਣ, ਅਤੇ ਹਰ ਇੱਕ ਵਪਾਰੀ ਵੱਲੋਂ ਬਿੱਲ ਕੱਟਣਾ ਯਕੀਨੀ ਬਣਾਉਣ ਲਈ ਵੀ ਸੁਚੇਤ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਪਟਿਆਲਾ ਦੇ ਪ੍ਰਧਾਨ ਰਾਕੇਸ਼ ਗੁਪਤਾ, ਰਾਜਨ ਸਿੰਗਲਾ, ਭਗਵਾਨ ਦਾਸ ਚਾਵਲਾ, ਨੰਦ ਲਾਲ, ਰਮਨ ਭੁਟਾਨੀ, ਅਮਨਦੀਪ ਕੋਹਲੀ, ਗੁਰਵਿੰਦਰ ਗੋਲਡੀ, ਰਾਕੇਸ਼ ਅਗਰਵਾਲ, ਪੂਰਨ ਸਿੰਧੀ, ਸੁਖਮਜੀਤ ਅਹੂਜਾ ਅਤੇ ਗਰੀਸ਼ ਬਾਂਸਲ ਆਦਿ ਵਪਾਰਕ ਐਸੋਸ਼ੀਏਸ਼ਨ ਵੱਲੋਂ ਹਾਜ਼ਰ ਸਨ।