ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਬਾਹਰ ਇਨਸਾਫ ਨਾ ਮਿਲਣ ਕਾਰਨ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਧਰਨਾ ਦਿੱਤਾ
ਬਲਵਿੰਦਰ ਸਿੰਘ ਧਾਲੀਵਾਲ
- ਪੁਲਿਸ ਸਟੇਸ਼ਨ ਸੁਲਤਾਨਪੁਰ ਲੋਧੀ ਤੇ ਲਗਾਏ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼
- ਮਾਮਲਾ ਬੀਤੇ ਦਿਨੀਂ ਨਵ ਵਿਆਹੀ ਗਰਭਵਤੀ ਲੜਕੀ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ ਦਾ
- ਪੁਲਿਸ ਨੇ ਕਾਰਵਾਈ ਦੇ ਨਾਮ ਤੇ ਕੀਤੀ ਖ਼ਾਨਾਪੂਰਤੀ ਮ੍ਰਿਤਕ ਲੜਕੀ ਦੇ ਰਿਸ਼ਤੇਦਾਰਾਂ ਦਾ ਦੋਸ
ਸੁਲਤਾਨਪੁਰ ਲੋਧੀ 10 ਸਤੰਬਰ 2021 ਸੁਲਤਾਨਪੁਰ ਲੋਧੀ ਵਿੱਚ ਬੀਤੀ ਸ਼ਾਮ ਇੱਕ ਨਵ ਵਿਆਹੀ ਲੜਕੀ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਵ -ਵਿਆਹੁਤਾ ਦੇ ਪੇਕੇ ਪਰਿਵਾਰ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਬਾਹਰ ਮੁੱਖ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੀ ਧੀ ਮੁਸਕਾਨ ਦੀ ਮੌਤ ਛੱਤ ਤੋਂ ਡਿੱਗਣ ਕਾਰਨ ਨਹੀਂ ਹੋਈ ਬਲਕਿ ਉਸਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ।
ਪੇਕੇ ਪਰਿਵਾਰ ਵਾਲੇ ਪੁਲਿਸ ਦੀ ਕਾਰਵਾਈ ਤੋਂ ਵੀ ਪਰੇਸ਼ਾਨ ਨਜ਼ਰ ਆਏ ਅਤੇ ਉਨ੍ਹਾਂ ਦੋਸ਼ ਲਾਇਆ ਪੁਲਿਸ ਦੀ ਕਥਿਤ ਮਿਲੀਭੁਗਤ ਨਾਲ ਸਹੁਰੇ ਪਰਿਵਾਰ ਦੇ ਮੁਲਜ਼ਮਾਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਲੜਕੀ ਦਾ ਵਿਆਹ ਦਸ ਮਹੀਨੇ ਪਹਿਲਾਂ ਸੰਨੀ ਵਾਸੀ ਚੰਡੀਗੜ੍ਹ ਰੁਲਰ ਬਸਤੀ ਨਾਲ ਹੋਇਆ ਸੀ ਅਤੇ ਹੁਣ ਸਾਡੀ ਕੁੜੀ ਗਰਭਵਤੀ ਵੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਸੀ ਪਰ ਖਾਨਾਪੂਰਤੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਤਲ ਦਾ ਕੇਸ ਦਰਜ ਕਰਨਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਸਾਡੀ ਲੜਕੀ ਨੂੰ ਉਸਦੇ ਸਹੁਰੇ ਪਰਿਵਾਰ ਵੱਲੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵੀ ਕੀਤਾ ਗਿਆ ਜਾਂਦਾ ਸੀ ਅਤੇ ਉਸਦੇ ਅਣਜੰਮੇ ਬੱਚੇ ਦਾ ਵੀ ਕਤਲ ਕਰ ਦਿੱਤਾ ਗਿਆ ਹੈ।
ਪਰ ਪੁਲਿਸ ਨੇ ਦੋਸ਼ੀ ਨੂੰ ਬਚਾਉਣ ਦੇ ਲਈ ਸਿਰਫ ਆਈਪੀਸੀ ਦੀ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਹੁਣ ਤੱਕ ਸਿਰਫ ਮ੍ਰਿਤਕ ਦੀ ਸੱਸ ਨੂੰ ਹੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਜਿਸਨੂੰ ਹੁਣ ਪੁਲਿਸ ਰਿਹਾਅ ਵੀ ਕਰ ਦਿੱਤਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ। ਉਹਨਾਂ ਨੇ ਇਸ ਮਾਮਲੇ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕੀਤੀ ਹੈ।ਇਸ ਮੌਕੇ ਮਿ੍ਤਕਾ ਮਾਤਾ ਸੀਮਾ, ਸੁਨੀਤਾ, ਪ੍ਰਿਆ, ਬੀਰੋ, ਮੀਤੋ, ਗੁਰਮੀਤ ਕੌਰ, ਜਸਮੀਤ ਸਿੰਘ, ਨਵੀ, ਦੀਪੂ, ਅਜੇ, ਸ਼ਰਨ, ਅਮਨ, ਪਿਤਾ ਕੁਲਵਿੰਦਰ ਸਿੰਘ, ਕੌਂਸਲਰ ਰਣਜੀਤ ਵਾਲੀਆ , ਰਣਜੀਤ ਸਿੰਘ ਜਗਦੇਵ ਸਿੰਘ ਮੰਗਾ, ਨੀਲੂ ਬਾਬਾ ਦਰਸ਼ਨ ਸ਼ਾਹ, ਗੋਪੀ, ਕੁਲਜੀਤ, ਮੋਨੂੰ, ਗਗਨ ਅਤੇ ਹੋਰ ਹਾਜ਼ਰ ਸਨ।
ਮੌਕੇ 'ਤੇ ਪਹੁੰਚੇ ਐਸਐਚਓ ਹਰਜੀਤ ਸਿੰਘ ਨੇ ਮ੍ਰਿਤਕ ਮੁਸਕਾਨ ਦੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ।ਇਸ ਵਿੱਚ ਹੋਰ ਧਾਰਾਵਾਂ ਵਧਾਈਆਂ ਜਾਣਗੀਆਂ। ਪੁਲਿਸ ਸਟੇਸ਼ਨ ਇੰਚਾਰਜ ਨੇ ਲੜਕੀ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸਾਰੇ ਮੁਲਜ਼ਮ 4 ਦਿਨਾਂ ਵਿੱਚ ਫੜ ਲਿਆ ਜਾਵੇਗਾ ਅਤੇ ਉਨ੍ਹਾਂ ਦੱਸਿਆ ਕਿ ਲੜਕੀ ਦੀ ਸੱਸ ਅਜੇ ਵੀ ਪੁਲਿਸ ਦੀ ਹਿਰਾਸਤ ਵਿੱਚ ਹੀ ਹੈ। ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਚੁੱਕ ਲਿਆ ਗਿਆ। ਅਤੇ ਪੁਲਿਸ ਸਟੇਸ਼ਨ ਇੰਚਾਰਜ ਵਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।
ਸੜਕ ਜਾਮ ਹੋਣ ਕਾਰਨ ਮਰੀਜ਼ਾਂ ਅਤੇ ਆਮ ਰਾਹਗੀਰਾਂ ਨੂੰ ਆਈ ਪ੍ਰੇਸ਼ਾਨੀ
ਹਰ ਕਿਸੇ ਨੂੰ ਨਿਆਂ ਲਈ ਵਿਰੋਧ ਕਰਨ ਦਾ ਕਾਨੂੰਨੀ ਅਧਿਕਾਰ ਹੈ। ਪਰ ਪੁਲਿਸ ਦੀ ਮਾੜੀ ਕਾਰਜਪ੍ਰਣਾਲੀ ਅਤੇ ਮਾੜੀ ਵਿਵਸਥਾ ਦੇ ਕਾਰਨ ਪੁਲਿਸ ਨੂੰ ਇੱਥੇ ਵੀ ਸਵਾਲਾਂ ਦੇ ਘੇਰੇ ਵਿੱਚ ਫਸਦੇ ਵੇਖਿਆ ਗਿਆ। ਅਤੇ ਲੋਕਾਂ ਨੂੰ ਉਕਤ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਲੜਦੇ ਵੀ ਵੇਖਿਆ ਗਿਆ। ਪੁਲਿਸ ਅਧਿਕਾਰੀ ਡਿਊਟੀ ਦੇ ਨਾਂ 'ਤੇ ਸਿਰਫ ਤਮਾਸ਼ਾ ਵੇਖਦੇ ਵੇਖਦੇ ਨਜ਼ਰ ਆਏ।
ਕਾਫੀ ਲੰਬਾ ਸਮਾਂ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਵੀ ਆਈ ਅਤੇ ਗੁਰੂ ਘਰਾਂ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਸੇ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਧਰਨਾ ਹਿੰਸਕ ਰੂਪ ਲੈ ਸਕਦਾ ਸੀ। ਕਿਉਂਕਿ ਕੁਝ ਨਿਹੰਗ ਸਿੰਘ ਵਿਰੋਧ ਕਰ ਰਹੇ ਲੋਕਾਂ ਨਾਲ ਬਹਿਸ ਕਰਨ ਲੱਗ ਪਏ ਸਨ।