ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪੋਸ਼ਣ ਥਾਲੀ ਬਣਾਉਣ ਦੇ ਮੁਕਾਬਲੇ ਚੋਂ ਤਿੰਨ ਰਹੀਆਂ ਜੇਤੂ ਪੜ੍ਹੋ ਕੌਣ ?
ਜੀ ਐਸ ਪੰਨੂ
ਪਟਿਆਲਾ, 10 ਸਤੰਬਰ,2021 - ਪੇਂਡੂ ਔਰਤਾਂ ਅਤੇ ਆਂਗਨਵਾੜੀ ਕਾਮਿਆਂ ਨੂੰ ਪਰਿਵਾਰ ਦੇ ਪੋਸ਼ਣ ਸਬੰਧੀ ਜਾਗਰੂਕ ਕਰਨ ਲਈ ਮਨਾਏ ਜਾ ਰਹੇ ਪੋਸ਼ਣ ਮਹੀਨੇ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਨੇ ਪੋਸ਼ਣ ਥਾਲੀ ਦੀ ਵਿਉਂਤਬੰਦੀ ਲਈ ਸਿਖਲਾਈ ਪ੍ਰੋਗਰਾਮ ਅਤੇ ਮੁਕਾਬਲਾ ਕਰਵਾਇਆ। ਇਸ ਮੌਕੇ 50 ਤੋਂ ਵੱਧ ਆਂਗਨਵਾੜੀ ਵਰਕਰਜ਼ ਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਪੋਸ਼ਣ ਮੁਕਾਬਲੇ 'ਚ ਬਿਅੰਤ ਕੌਰ ਪਿੰਡ ਸ਼ੇਖੁਪੁਰਾ, ਦਵਿੰਦਰ ਕੌਰ ਪਿੰਡ ਬਾਰਨ ਤੇ ਕੁਲਵਿੰਦਰ ਕੌਰ ਪਿੰਡ ਇੰਦਰਪੁਰਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ।
ਪ੍ਰੋਗਰਾਮ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਧੀਕ ਨਿਰਦੇਸ਼ਕ (ਪਸਾਰ) ਡਾ. ਗੁਰਮੀਤ ਸਿੰਘ ਬੁੱਟਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਪਟਿਆਲਾ ਰੂਰਲ ਸੁਪ੍ਰੀਤ ਕੌਰ, ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਗੁਰਕਮਲ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਸਿਖਲਾਈ ਡਾ. ਵਿਪਨ ਕੁਮਾਰ ਰਾਮਪਾਲ ਨੇ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਪੌਸ਼ਟਿਕ ਖਾਣੇ ਦੀ ਮਹੱਤਤਾ ਬਾਰੇ ਦੱਸਿਆ। ਗ੍ਰਹਿ ਵਿਗਿਆਨ ਦੇ ਸਹਿਯੋਗੀ ਪ੍ਰੋਫ਼ੈਸਰ ਡਾ. ਗੁਰਉਪਦੇਸ਼ ਕੌਰ ਨੇ ਘਰ ਵਿਚ ਪੋਸ਼ਣ ਥਾਲੀ ਅਤੇ ਵਿਰਾਸਤੀ ਅਨਾਜਾਂ ਦੀ ਵਰਤੋਂ ਅਤੇ ਖੁਰਾਕੀ ਮਹੱਤਤਾ ਦੀ ਜਾਣਕਾਰੀ ਦਿੱਤੀ।
ਬਾਗਬਾਨੀ ਦੇ ਸਹਾਇਕ ਪ੍ਰੋਫੈਸਰ ਨੇ ਡਾ. ਰਚਨਾ ਸਿੰਗਲਾ ਔਰਤਾਂ ਨੂੰ ਘਰੇਲੂ ਬਗੀਚੀ ਦੀ ਵਿਉਂਤਬੰਦੀ ਕਰਕੇ ਪਰਿਵਾਰ ਦੀ ਲੋੜ ਮੁਤਾਬਕ ਸਬਜ਼ੀਆਂ ਤੇ ਫ਼ਲ ਲਗਾਉਣ ਸਬੰਧੀ ਜਾਣਕਾਰੀ ਦਿੱਤੀ। ਡਾ. ਰਜਨੀ ਗੋਇਲ ਨੇ ਫ਼ਲ ਸਬਜ਼ੀਆਂ ਦੀ ਪ੍ਰੋਸੈਸਿੰਗ ਬਾਰੇ ਨੁਕਤੇ ਸਾਂਝੇ ਕੀਤੇ। ਡਾ. ਗੁਰਕਮਲ ਕੌਰ ਨੇ ਸਿਹਤਮੰਦ ਜੀਵਣ ਜਿਉਣ ਲਈ ਲੋੜੀਂਦੀ ਯੋਗ ਪ੍ਰਣਾਲੀ ਬਾਰੇ ਜਾਣਕਾਰੀ ਸਾਂਝੀ ਕੀਤੀ। ਸੁਪ੍ਰੀਤ ਕੌਰ ਨੇ ਖ਼ੂਨ ਦੀ ਕਮੀ ਤੋਂ ਬਚਣ ਲਈ ਯੋਗ ਖੁਰਾਕ ਬਾਰੇ ਦੱਸਿਆ। ਡਾ. ਗੁਰਮੀਤ ਸਿੰਘ ਬੁਟਰ ਨੇ ਔਰਤਾਂ ਨੂੰ ਆਪਣੀ ਰਵਾਇਤੀ ਖੁਰਾਕ ਨਾਲ ਬੱਚਿਆਂ ਨੂੰ ਜੋੜਨ ਲਈ ਪ੍ਰੇਰਿਤ ਕੀਤਾ।