ਟੀ ਐਸ ਪੀ ਐਲ ਵੱਲੋਂ ਬਣਾਏ ਕਮਿਉਨਿਟੀ ਪਾਰਕ ਦਾ ਸ਼ੁਭ ਆਰੰਭ
ਅਸ਼ੋਕ ਵਰਮਾ
ਮਾਨਸਾ, 13 ਸਤੰਬਰ 2021- ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਓਓ) ਪੰਕਜ ਸ਼ਰਮਾ ਨੇ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਪਿੰਡ ਦੇ ਪਤਵੰਤਿਆਂ ਦੀ ਮੌਜੂਦਗੀ ’ਚ ਟੀ ਐਸ ਪੀ ਐਲ ਵੱਲੋਂ ਪਿੰਡ ਤਲਵੰਡੀ ਅਕਲੀਆ ਵਿਖੇ ਬਣਾਇਆ ਕਮਿਉਨਿਟੀ ਪਾਰਕ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਹੈ। ਇਹ ਪਾਰਕ ਟੀਐਸਪੀਐਲ ਨੇ ਮਨੋਰੰਜਕ ਗਤੀਵਿਧੀਆਂ , ਆਮ ਲੋਕਾਂ ਖਾਸ ਕਰਕੇ ਪੇਂਡੂ ਨੌਜਵਾਨਾਂ ਅਤੇ ਬੱਚਿਆਂ ਲਈ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਹੈ। ਪਹਿਲਾਂ ਇਸ ਜਗ੍ਹਾ ਨੂੰ ਪਿੰਡ ਵਾਸੀ ਕੂੜਾ ਸੁੱਟਣ ਲਈ ਵਰਤਦੇ ਸਨ ਜਿਸ ਨਾਲ ਬਦਬੂ ਤੇ ਗੰਦਤਗੀ ਦਾ ਪਸਾਰਾ ਸੀ ਪਰ ਹੁਣ ਇਹ ਇਲਾਕਾ ਮਹਿਕਾਂ ਛੱਡਣ ਲੱਗਿਆ ਹੈ। ਤਲਵੰਡੀ ਸਾਬੋ ਪਾਵਰ ਲਿਮਟਿਡ ਦੀ ਪਹਿਲਕਦਮੀ ਨਾਲ, ਹੁਣ ਇੱਥੇ ਓਪਨ ਜਿੰਮ ਅਤੇ ਖੇਡਾਂ ਲਈ ਪ੍ਰਬੰਧ ਦੇ ਨਾਲ ਨਾਲ ਕਮਿਊਨਿਟੀ ਗਾਰਡਨ ਦੇ ਰੂਪ ਵਿੱਚ ਪੂਰੀ ਤਰ੍ਹਾਂ ਵਿਕਸਤ ਕੀਤਾ ਗਿਆ ਹੈ।
ਇਸ ਜਗ੍ਹਾ ਨੂੰ ਬਜ਼ੁਰਗ ਇੱਕ ਮੀਟਿੰਗ ਸਥਾਨ ਵਜੋਂ ਵੀ ਵਰਤ ਸਕਦੇ ਹਨ । ਪਾਰਕ ਦਾ ਨਾਂ ਪਿੰਡ ਦੇ ਇੱਕ ਬਜ਼ੁਰਗ ਦੇ ਨਾਮ ਤੇ ਚਾਚਾ ਅਜੀਤ ਸਿੰਘ ਕਿਸਾਨ ਪਾਰਕ ਰੱਖਿਆ ਗਿਆ ਹੈ। ਮੁੱਖ ਕਾਰਜਕਾਰੀ ਅਧਿਕਾਰੀ ਪੰਕਜ਼ ਸ਼ਰਮਾ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਸਿਹਤਮੰਦ ਜਿੰਦਗੀ ਜਿਊਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ “ਖੇਡਾਂ ਅਤੇ ਕਸਰਤ ਆਪਣੇ ਆਪ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਦਾ ਸਭ ਤੋਂ ਵਧੀਆ ਢੰਗ ਹੈ । ਉਨ੍ਹਾਂ ਕਿਹਾ ਕਿ ਖੇਡ੍ਹਾਂ ਹੀ ਸਾਨੂੰ ਟੀਮ ਵਰਕ, ਸਬਰ, ਯੋਜਨਾਬੰਦੀ, ਲਗਨ ਅਤੇ ਆਪਣੇ ਨਿਸ਼ਾਨਿਆਂ ਫੋਕਸ ਸਿਖਾਉਂਦੀਆਂ ਹਨ ਜੋ ਜੀਵਨ ਵਿੱਚ ਸਫਲਤਾ ਦੀ ਕੁੰਜੀ ਹੈ। ਅਸੀਂ ਵੇਦਾਂਤਾ ਵਿਖੇ ਸਮਾਜ ਦੇ ਸਾਰੇ ਵਰਗਾਂ ਦਾ ਖਿਆਲ ਰੱਖਦੇ ਹਾਂ ਅਤੇ ਉਨ੍ਹਾਂ ਨਾਲ ਹਰ ਸੰਭਵ ਤਰੀਕੇ ਨਾਲ ਸਹਿਯੋਗ ਜਾਰੀ ਰੱਖਾਂਗੇ ਤਾਂ ਜੋ ਅਸੀਂ ਸਮੁੱਚੇ ਵਿਕਾਸ ਵੱਲ ਵਧ ਸਕੀਏ।
ਪਿੰਡ ਦੀ ਸਰਪੰਚ ਗੁਰਮੇਲ ਕੌਰ ਨੇ ਕੰਪਨੀ ਦੀ ਸ਼ਲਾਘਾ ਕਰਦਿਆਂ ਕਮਿਊਨਿਟੀ ਗਾਰਡਨ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ ਟੀਐਸਪੀਐਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਾਰਕ ਸਾਡੇ ਭਾਈਚਾਰੇ ਦੀ ਜੀਵਨ ਸ਼ੈਲੀ ’ਚ ਪੂਰੀ ਤਰ੍ਹਾਂ ਸੁਧਾਰ ਲਿਆਵੇਗਾ ਅਤੇ ਇਹ ਸਾਡੇ ਪਿੰਡ ਲਈ ਇੱਕ ਵੱਡਾ ਮੀਲ ਪੱਥਰ ਹੈ। ਉਨ੍ਹਾਂ ਤਲਵੰਡੀ ਆਕਲੀਆ ਨੂੰ ਨਮੂਨੇ ਦਾ ਪਿੰਡ ਬਨਾਉਣ ਲਈ ਟੀ ਐਸ ਪੀ ਐਲ ਵੱਲੋਂ ਸਹਿਯੋਗ ਜਾਰੀ ਰੱਖਣ ਦੀ ਆਸ ਵੀ ਜਤਾਈ ਹੈ। ਦੱਸਣਯੋਗ ਹੈ ਕਿ ਟੀ ਐਸ ਪੀ ਐਲ ਵੱਲੋਂ ਆਪਣਾ ਸਮਾਜਿਕ ਜਿੰਮੇਵਾਰੀ ਤਹਿਤ ਇਲਾਕੇ ’ਚ ਕਈ ਅਹਿਮ ਵਿਕਾਸ ਕਾਰਜ ਕੀਤੇ ਹਨ। ਕੰਪਨੀ ਨੇ ਮਾਨਸਾ ਅਤੇ ਬਠਿੰਡਾ ਖੇਤਰ ਵਿੱਚ ਸਮਾਜਿਕ-ਆਰਥਿਕ ਵਿਕਾਸ ਕਾਰਜਾਂ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਖਾਸ ਤੌਰ ਤੇ ਕੋਵਿਡ -19 ਦੇ ਸੰਕਟ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨਾਲ ਕੰਮ ਕੀਤਾ ਹੈ।