ਸੰਯੁਕਤ ਕਿਸਾਨ ਮੋਰਚਾ ਜਾਰੀ, ਕੇਂਦਰ ਦੇ ਖਿਲਾਫ ਗੱਜੇ ਕਿਸਾਨ
ਝੋਨਾ ਖਰੀਦ ਲਈ ਨਵੀਆਂ ਸ਼ਰਤਾਂ ਤੇ ਮਾਪਦੰਡ: ਨਹੀਂ ਮੰਨਾਂਗੇ ਇਹ ਸ਼ਰਤਾਂ ਅਤੇ ਝੋਨਾ ਖਰੀਦਣ ਲਈ ਸਰਕਾਰ ਨੂੰ ਮਜ਼ਬੂਰ ਕਰ ਦਿਆਂਗੇ: ਕਿਸਾਨ ਆਗੂ
ਸ਼ਹੀਦੀ ਦਿਵਸ ਮੌਕੇ, ਭਗਤ ਸਿੰਘ ਦੇ ਸਾਥੀ ਜਤਿਨ ਦਾਸ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਕਮਲਜੀਤ ਸਿੰਘ ਸੰਧੂ
ਬਰਨਾਲਾ-13 ਸਤੰਬਰ, 2021- ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 348ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਅੱਜ ਝੋਨੇ ਦੀ ਖਰੀਦ ਲਈ ਜਾਰੀ ਕੀਤੇ ਨਵੇਂ ਮਾਪਦੰਡਾਂ ਤੇ ਸ਼ਰਤਾਂ ਦੀ ਸਖਤ ਨਿਖੇਧੀ ਕੀਤੀ। ਆਗੂਆਂ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖਰੀਦ ਲਈ ਫਰਦਾਂ ਮੁਹੱਈਆ ਕਰਵਾਉਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ। ਮੁਸ਼ਕਰਤਾ ਖਾਤਿਆਂ, ਜ਼ਮੀਨ ਮਾਲਕਾਂ ਦਾ ਮੁਲਕ ਤੋਂ ਬਾਹਰ ਹੋਣ, 40 ਫੀ ਸਦੀ ਰਕਬਾ ਠੇਕੇ 'ਤੇ ਹੋਣ ਆਦਿ ਵਰਗੇ ਅਨੇਕਾਂ ਕਾਰਨਾਂ ਕਰਕੇ ਫਰਦਾਂ ਦੇਣ ਵਾਲੇ ਫਰਮਾਨ ਕਾਰਨ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਪੇਸ਼ ਆਉਣਗੀਆਂ। ਇਹ ਆਦੇਸ਼ ਅਮਲੀ ਤੌਰ 'ਤੇ ਲਾਗੂ ਕਰਨਾ ਬਹੁਤ ਮੁਸ਼ਕਲ ਹੈ। ਸਰਕਾਰ ਨੇ ਝੋਨੇ ਦੀ ਨਮੀ,ਬਦਰੰਗ, ਟੋਟੇ ਅਤੇ ਕੰਕਰ/ਰੋਡ ਆਦਿ ਬਾਰੇ ਸ਼ਰਤਾਂ ਹੋਰ ਵੀ ਸਖਤ ਕਰ ਦਿੱਤੀਆਂ ਹਨ। ਇਨ੍ਹਾਂ ਸ਼ਰਤਾਂ ਦੀ ਪੂਰਤੀ ਪਹਿਲਾਂ ਹੀ ਮੁਸ਼ਕਲ ਸੀ, ਹੁਣ ਇਹ ਮੁਸ਼ਕਲ ਹੋਰ ਵੀ ਵਧ ਜਾਵੇਗੀ। ਅਸਲ ਵਿੱਚ ਸਰਕਾਰ ਖਰੀਦ ਤੋਂ ਭੱਜਣਾ ਚਾਹੁੰਦੀ ਹੈ। ਪਰ ਅਸੀਂ ਸਰਕਾਰ ਨੂੰ ਖਰੀਦ ਤੋਂ ਭੱਜਣ ਨਹੀਂ ਦੇਵਾਂਗੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਨਛੱਤਰ ਸਿੰਘ ਸਹੌਰ, ਗੁਰਨਾਮ ਸਿੰਘ ਠੀਕਰੀਵਾਲਾ, ਮਨਜੀਤ ਕੌਰ ਖੁੱਡੀ, ਮੇਲਾ ਸਿੰਘ ਕੱਟੂ, ਬਲਜੀਤ ਸਿੰਘ ਚੌਹਾਨਕੇ, ਬਿੱਕਰ ਸਿੰਘ ਔਲਖ,ਸਰਵਜੀਤ ਸਿੰਘ ਠੀਕਰੀਵਾਲਾ, ਰਮਨਦੀਪ ਕੌਰ ਖੁੱਡੀ, ਰਣਧੀਰ ਸਿੰਘ ਰਾਜਗੜ੍ਹ, ਹਰਚਰਨ ਚੰਨਾ, ਸੁਖਪਾਲ ਸਿੰਘ ਪੀਆਰਟੀਸੀ, ਜਗਤਾਰ ਸਿੰਘ ਨੇ ਸੰਬੋਧਨ ਕੀਤਾ।
ਸੰਨ 1929 ਵਿੱਚ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਦੇ ਸਾਥੀ ਜਤਿਨ ਦਾਸ, 63 ਦਿਨ ਦੀ ਭੁੱਖ ਹੜਤਾਲ ਬਾਅਦ,ਜੇਲ੍ਹ ਵਿੱਚ ਹੀ ਸ਼ਹੀਦੀ ਪਾ ਗਏ ਸਨ ਅੱਜ ਦੋ ਮਿੰਟ ਦਾ ਮੌਨ ਧਾਰ ਕੇ ਉਸ ਮਹਾਨ ਦੇਸ਼ਭਗਤ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਅੱਜ ਪੀਆਰਟੀਸੀ ਹੜਤਾਲੀ ਮੁਲਾਜਮਾਂ ਦਾ ਵੱਡਾ ਕਾਫਲਾ ਧਰਨੇ 'ਚ ਸ਼ਾਮਲ ਹੋਇਆ, ਕਿਸਾਨ ਅੰਦੋਲਨ ਨਾਲ ਇੱਕਜੁਟਤਾ ਪ੍ਰਗਟਾਈ ਤੇ ਸੰਚਾਲਨ ਕਮੇਟੀ ਨੂੰ ਆਰਥਿਕ ਸਹਾਇਤਾ ਦਿੱਤੀ।
ਖੁੱਡੀ ਕਲਾਂ ਦੀ ਵਸਨੀਕ ਭੈਣ ਮਨਜੀਤ ਕੌਰ ਲੰਬੇ ਸਮੇਂ ਲਈ ਦਿੱਲੀ ਮੋਰਚੇ 'ਤੇ ਹਾਜ਼ਰੀ ਭਰਨ ਬਾਅਦ ਅੱਜ ਵਾਪਸ ਪਰਤੇ ਤਾਂ ਸੰਚਾਲਨ ਕਮੇਟੀ ਨੇ ਉਨ੍ਹਾਂ ਦਾ ਢੁਕਵਾਂ ਸਨਮਾਨ ਕੀਤਾ। ਭੈਣ ਜੀ ਉਥੇ ਅਗਵਾਨੂੰ ਭੂਮਿਕਾ ਨਿਭਾਉਂਦੇ ਰਹੇ।
ਅੱਜ ਰਾਜਵਿੰਦਰ ਸਿੰਘ ਮੱਲੀ ਨੇ ਕਵੀਸ਼ਰੀ ਗਾਇਣ ਕੀਤਾ ਤੇ ਨਰਿੰਦਰ ਪਾਲ ਸਿੰਗਲਾ ਨੇ ਕਵਿਤਾ ਸੁਣਾਈ।