ਸੁਲਤਾਨਪੁਰ ਲੋਧੀ ਵਿਖੇ ਮੈਗਾ ਰੁਜ਼ਗਾਰ ਮੇਲਾ 14 ਨੂੰ
ਨਾਮੀ ਕੰਪਨੀਆਂ ਕਰਨਗੀਆਂ ਨੌਕਰੀ ਲਈ ਵਿਦਿਆਰਥੀਆਂ ਦੀ ਚੋਣ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 13 ਸਤੰਬਰ 2021-ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਮੈਗਾ ਰੁਜ਼ਗਾਰ ਮੇਲਿਆਂ ਦੀ ਲੜੀ ਤਹਿਤ ਸੁਲਤਾਨਪੁਰ ਲੋਧੀ ਦੇ ਐਸ.ਡੀ.ਕਾਲਜ ਵਿਖੇ 14 ਸਤੰਬਰ ਨੂੰ ਮੈਗਾ ਰੁਜ਼ਗਾਰ ਮੇਲਾ ਲੱਗੇਗਾ।
ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਅੱਜ ਐਸ.ਡੀ.ਐਮ. ਰਣਜੀਤ ਸਿੰਘ, ਜਿਲ੍ਹਾ ਰੋਜ਼ਗਾਰ ਬਿਊਰੋ ਦੀ ਮੁਖੀ ਨੀਲਮ ਮਹੇ ਵਲੋਂ ਐਸ.ਡੀ. ਕਾਲਜ ਵਿਖੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੇਲੇ ਦੌਰਾਨ ਅਨੇਕਾਂ ਨਾਮੀ ਕੰਪਨੀਆਂ ਭਾਗ ਲੈਣਗੀਆਂ ਜਿਸ ਵਿਚ ਵਰਧਮਾਨ, ਚੈਕ ਮੇਟਸ, ਐਸ.ਆਈ. ਐਸ. ਸਕਿਊਰਿਟੀ, ਐਸ.ਬੀ.ਆਈ ਲਾਇਫ ਤੇ ਕੋਟਕ ਮਹਿੰਦਰਾ ਪ੍ਰਮੁੱਖ ਹਨ। ਜ਼ਿਕਰਯੋਗ ਹੈ ਕਿ ਜਿਲ੍ਹੇ ਅੰਦਰ ਕਪੂਰਥਲਾ ਵਿਖੇ ਲੱਗੇ ਪਹਿਲੇ ਮੇਲੇ ਦੌਰਾਨ ਲਗਭਗ 2521 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ। ਪੂਰੇ ਜਿਲ੍ਹੇ ਵਿਚ ਵੱਖ-ਵੱਖ ਕੰਪਨੀਆਂ ਵਿਚ 17 ਸਤੰਬਰ ਤੱਕ ਚੱਲਣ ਵਾਲੇ ਮੇਲਿਆਂ ਦੌਰਾਨ 14000 ਆਸਾਮੀਆਂ ਨੂੰ ਭਰਿਆ ਜਾਣਾ ਹੈ। ਸੁਲਤਾਨਪੁਰ ਲੋਧੀ ਤੋਂ ਬਾਅਦ 16 ਤੇ 17 ਸਤੰਬਰ ਨੂੰ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀ, ਫਗਵਾੜਾ ਅਤੇ 17 ਸਤੰਬਰ ਨੂੰ ਹੀ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਰੁਜ਼ਗਾਰ ਮੇਲਾ ਲੱਗੇਗਾ। 23 ਸਤੰਬਰ ਨੂੰ ਸੂਬਾ ਪੱਧਰੀ ਮੇਲਾ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਲੱਗੇਗਾ ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸ਼ਿਰਕਤ ਕਰਨਗੇ।