ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਜਾਰੀ ਹੋਵੇਗਾ ਇਹ ਕਾਰਡ
ਸਿੱਖਿਆ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਦਿੱਤੀ ਕਾਰਡ ਬਾਰੇ ਜਾਣਕਾਰੀ
30 ਸਤੰਬਰ ਤੱਕ ਅਪਲਾਈ ਕਰ ਸਕਣਗੇ ਵਿਦਿਆਰਥੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 13 ਸਤੰਬਰ 2021-ਪੰਜਾਬ ਸਰਕਾਰ ਵਲੋਂ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ ਫਰੀਸ਼ਿਪ ਕਾਰਡ ਅਪਲਾਈ ਕਰਨ ਸਬੰਧੀ ਜਾਗਰੂਕਤਾ ਲਈ ਅੱਜ ਜ਼ਿਲ੍ਹਾ ਭਲਾਈ ਅਫਸਰ ਸ . ਜਸਦੇਵ ਸਿੰਘ ਪੁਰੇਵਾਲ ਵਲੋਂ ਡਾ. ਅੰਬੇਦਕਰ ਭਵਨ ਕਪੂਰਥਲਾ ਵਿਖੇ ਸਿੱਖਿਆ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ । ਇਸ ਵਿਚ ਜ਼ਿਲ੍ਹੇ ਵਿਚ ਸਥਿਤ ਕਾਲਜਾਂ, ਯੂਨੀਵਰਸਿਟੀਆਂ ਦੇ ਮੁਖੀਆਂ ਤੇ ਨੁਮਾਇੰਦਿਆਂ ਨੇ ਭਾਗ ਲਿਆ।
ਇਹ ਕਾਰਡ ਪੰਜਾਬ ਸਰਕਾਰ ਵਲੋਂ ਜਾਰੀ ਕੀਤਾ ਜਾਵੇਗਾ ਜਿਸ ਤਹਿਤ ਐਸ.ਸੀ. ਵਰਗ ਦੇ ਵਿਦਿਆਰਥੀ ਦਾ ਸਾਰਾ ਰਿਕਾਰਡ, ਉਸ ਦੀ ਪੜ੍ਹਾਈ ਨਾਲ ਸਬੰਧਿਤ ਵੇਰਵੇ ਜਿਵੇਂ ਕਿ ਫੀਸ, ਕੋਰਸ ਆਦਿ ਦਰਜ ਹੋਵੇਗਾ ਅਤੇ ਇਹ ਕਾਰਡ ਇਲੈਕਟ੍ਰਾਨਿਕ ਤਰੀਕੇ ਨਾਲ ਭਲਾਈ ਵਿਭਾਗ ਦੇ ਪੋਰਟਲ ਨਾਲ ਕੁਨੈਕਟ ਹੋਵੇਗਾ।
ਇਸ ਨਾਲ ਜਿੱਥੇ ਯੋਗ ਵਿਦਿਆਰਥੀਆਂ ਨੂੰ ਭਲਾਈ ਯੋਜਨਾਵਾਂ ਦਾ ਲਾਭ ਲੈਣ ਵਿਚ ਬਹੁਤ ਅਸਾਨੀ ਹੋਵੇਗੀ ਉੱਥੇ ਹੀ ਉਨ੍ਹਾਂ ਨੂੰ ਵਾਰ-ਵਾਰ ਸਿੱਖਿਆ ਸੰਸਥਾਵਾਂ ਵਿਚ ਆਪਣੇ ਦਸਤਾਵੇਜ਼ ਆਦਿ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਰਹੇਗੀ।
ਇਸ ਮੌਕੇ ਜਿਲ੍ਹਾ ਭਲਾਈ ਅਫਸਰ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਅਨੁਸੂਚਿਤ ਜਾਤੀਆਂ ਦੇ ਯੋਗ ਵਿਦਿਆਰਥੀ 30 ਸਤੰਬਰ ਤੱਕ ਵਿਭਾਗ ਵਲੋਂ ਜਾਰੀ ਵੈਬਸਾਇਟ www.scholarship.punjab.gov.in ਜਾਂ ਡਾ. ਅੰਬੇਦਕਰ ਪੋਰਟਲ ਉੱਪਰ ਫਰੀਸ਼ਿਪ ਕਾਰਡ ਲਈ ਅਪਲਾਈ ਕਰਨ।
ਇਸ ਮੌਕੇ ਰਣਬੀਰ ਸਿੰਘ ਤਹਿਸੀਲ ਭਲਾਈ ਅਫਸਰ ਤੇ ਰਿਤੇਸ਼ ਕੁਮਾਰ ਪਿ੍ਸੰਪਲ ਵਲੋਂ ਫਰੀਸ਼ਿਪ ਕਾਰਡ ਅਪਲਾਈ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ।