ਸਕੂਲ ਬੱਸ ਦੀ ਟੱਕਰ ਨਾਲ 15 ਸਾਲਾ ਨੌਜਵਾਨ ਦੀ ਮੌਤ , ਕੇਸ ਦਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 13 ਸਤੰਬਰ 2021- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਪਿੰਡ ਪੱਮਨ ਨਿਵਾਸੀ 15 ਸਾਲਾ ਨੌਜਵਾਨ ਕ੍ਰਿਸ਼ਨਾ ਸ਼ਰਮਾ ਪੁੱਤਰ ਪ੍ਰਕਾਸ਼ ਸ਼ਰਮਾ ਦੀ ਸਕੂਲ ਬੱਸ ਵੱਲੋਂ ਟੱਕਰ ਮਾਰਨ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ । ਇਸ ਸਬੰਧੀ ਥਾਣਾ ਤਲਵੰਡੀ ਚੌਧਰੀਆਂ ਵਿਖੇ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਭੈਣ ਭਾਰਤੀ ਸ਼ਰਮਾ ਦੇ ਬਿਆਨ ਤੇ ਸਕੂਲ ਬੱਸ ਦੇ ਡਰਾਈਵਰ ਹਰਜੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਪੱਮਨ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਭਾਰਤੀ ਸ਼ਰਮਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਆਪਣੇ ਭਰਾ ਕ੍ਰਿਸ਼ਨਾ ਸ਼ਰਮਾ ਨਾਲ ਮੋਟਰ ਸਾਈਕਲ ਤੇ ਜਾ ਰਹੇ ਸਨ ਕਿ ਪਿੰਡ ਡੌਲਾ ਨੇੜੇ ਉਸਦੇ ਭਰਾ ਨੂੰ ਤੇਜ ਰਫਤਾਰ ਆ ਰਹੀ ਸਕੂਲ ਬੱਸ ਪੀ.ਬੀ.08 ਏ.ਜੀ. 1829 ਵੱਲੋਂ ਟੱਕਰ ਮਾਰ ਦਿੱਤੀ ਤੇ ਡਰਾਈਵਰ ਬਸ਼ ਭਜਾ ਕੇ ਫਰਾਰ ਹੋ ਗਿਆ । ਉਨ੍ਹਾਂ ਦੱਸਿਆ ਕਿ ਜਖਮੀ ਹੋਏ ਕ੍ਰਿਸ਼ਨਾ ਸ਼ਰਮਾ ਨੂੰ ਪੁਲਸ ਦੀ ਗੱਡੀ 'ਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ , ਜਿੱਥੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ । ਉਨ੍ਹਾਂ ਦੀ ਸ਼ਿਕਾਇਤ ਤੇ ਪੁਲਸ ਨੇ ਮੁਲਜਮ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ , ਜਿਸਦੀ ਬਾਅਦ 'ਚ ਜਮਾਨਤ ਹੋਣ ਦੀ ਖਬਰ ਹੈ ।