ਸਿੱਖ ਜਥੇਬੰਦੀਆਂ ਵੱਲੋਂ ਰੋਸ ਦਾ ਪ੍ਰਗਟਾਵਾ
ਸ੍ਰੀ ਅਨੰਦਪੁਰ ਸਾਹਿਬ, 13 ਸਤੰਬਰ 2021: ਖ਼ਾਲਸਾ ਪੰਥ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਦਰਬਾਰ ਸਾਹਿਬ ਦੇ ਅੰਦਰ ਤੜਕਸਾਰ 4.30ਵਜੇ ਦੇ ਕਰੀਬ ਵਾਪਰੀ ਮੰਦਭਾਗੀ ਘਟਨਾ ਦੌਰਾਨ ਇਕ ਮੋਨੇ ਵਿਅਕਤੀ ਵਲੋਂ ਸਿਗਰਟ ਪੀਣ ਅਤੇ ਰਾਗੀ ਸਿੰਘਾਂ ਵੱਲ ਸਿਗਰਟ ਦਾ ਧੂੰਆਂ ਛੱਡਣ ਦੀ ਮੰਦਭਾਗੀ ਘਟਨਾ ਵਾਪਰੀ ਹੈ। ਦੋਸ਼ੀ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਆਈ.ਪੀ.ਸੀ. ਦੀ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਮੁਹੱਲਾ ਮਹਾਰਾਜ ਨਗਰ, ਲੁਧਿਆਣਾ ਵਜੋਂ ਹੋਈ ਹੈ। ਉਧਰ ਘਟਨਾ ਤੋਂ ਬਾਅਦ ਪੰਜਾਬ ਭਰ ਤੋਂ ਵੱਡੀ ਗਿਣਤੀ ਪੰਥਕ ਜਥੇਬੰਦੀਆਂ ਵਲੋਂ ਪੁਲਿਸ ਥਾਣਾ ਅਨੰਦਪੁਰ ਸਾਹਿਬ ਦੇ ਬਾਹਰ ਪੁੱਜਣ ਕਾਰਨ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ ਸਾਢੇ ਚਾਰ ਵਜੇ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਪਾਵਨ ਬੀੜ ਨੂੰ ਸੁਖਆਸਨ ਅਸਥਾਨ ਤੋਂ ਲਿਜਾਇਆ ਜਾਣ ਲੱਗਾ ਤਾਂ ਸਾਰੀ ਸੰਗਤ ਦਾ ਧਿਆਨ ਗੁਰੂ ਸਾਹਿਬ ਦੀ ਸਵਾਰੀ ਵੱਲ ਕੇਂਦਰਿਤ ਹੋਣ ਅਤੇ ਸਤਿਕਾਰ ਵਜੋਂ ਖੜ੍ਹੇ ਹੋਣ ਮੋਕੇ ਇਕ ਮੋਨਾ ਵਿਅਕਤੀ ਜੋ ਪਹਿਲਾਂ ਤੋਂ ਹੀ ਅੰਦਰ ਬੈਠਾ ਸੀ, ਵਲੋਂ ਪਹਿਲਾਂ ਆਪਣੇ ਸਿਰ ਤੋਂ ਰੁਮਾਲ ਲਾਹਿਆ ਗਿਆ ਤੇ ਫਿਰ ਉਸ ਵਲੋਂ ਸਿਗਰਟ ਬਾਲ ਕੇ ਉਸ ਦਾ ਧੂੰਆਂ ਅੰਦਰ ਨੂੰ ਖਿੱਚ ਕੇ ਰਾਗੀ ਸਿੰਘਾਂ ਉੱਤੇ ਸੁੱਟਿਆ ਗਿਆ। ਕਾਹਲੀ ਵਿਚ ਉਹ ਵਿਅਕਤੀ ਰਾਗੀ ਸਿੰਘਾਂ ਦੇ ਪਿੱਛੇ ਸਿਗਰਟ ਸੁੱਟ ਕੇ ਭੱਜਣ ਹੀ ਲੱਗਾ ਤਾਂ ਮੌਕੇ 'ਤੇ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਸੇਵਦਾਰਾਂ ਅਤੇ ਸਾਦਾ ਵਰਦੀ ਪੁਲਿਸ ਮੁਲਾਜ਼ਮਾਂ ਵਲੋਂ ਉਸ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅੰਮ੍ਰਿਤਸਰ ਗਏ ਹੋਣ ਕਾਰਨ ਉਹ ਸੂਚਨਾ ਮਿਲਣ ਤੋਂ ਬਾਅਦ ਕਰੀਬ ਦੁਪਹਿਰ 12 ਵਜੇ ਇੱਥੇ ਪੁੱਜੇ। ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਅਤੇ ਐਸ.ਪੀ. (ਇਨਵੈਸਟੀਗੇਸ਼ਨ) ਅਜਿੰਦਰ ਸਿੰਘ ਨੇ ਵੀ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਘਟਨਾ ਦੀ ਅਸਲ ਸਾਜ਼ਿਸ਼ ਨੂੰ ਬੇਨਕਾਬ ਕਰਨ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦਾ ਭਰੋਸਾ ਦਿਵਾਇਆ ਹੈ। ਦੋਸ਼ੀ ਕੋਲੋਂ ਪੁੱਛਗਿੱਛ ਲਈ ਪੰਜਾਬ ਪੁਲਿਸ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਲੋਂ ਇਕ ਪੰਜ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਦੋਸ਼ੀ ਦੀ ਪੁੱਛਗਿੱਛ ਦੌਰਾਨ ਪੁਲਿਸ ਦੀ ਟੀਮ ਦੇ ਨਾਲ ਮੌਜੂਦ ਹੋਵੇਗੀ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬੇਅਦਬੀਆਂ ਦੇ ਬੇਰੋਕ ਵੱਧ ਰਹੇ ਵਰਤਾਰੇ ਨੂੰ ਲੈ ਕੇ ਕਾਨੂੰਨ ਵਿਵਸਥਾ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਹੁਣ ਗੁਰੂ ਸਾਹਿਬ ਦੇ ਸਤਿਕਾਰ ਦੀ ਬਹਾਲੀ ਲਈ ਸਿੱਖਾਂ ਨੂੰ ਖ਼ੁਦ ਫੈਸਲੇ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਅੱਜ ਤੱਕ ਜਿੰਨੇ ਵੀ ਬੇਅਦਬੀਆਂ ਦੇ ਦੋਸ਼ੀ ਫੜੇ ਗਏ ਹਨ, ਜਾਂ ਤਾਂ ਉਹ ਥੋੜ੍ਹੀ ਦੇਰ ਬਾਅਦ ਜ਼ਮਾਨਤਾਂ 'ਤੇ ਰਿਹਾਅ ਹੋ ਗਏ ਜਾਂ ਫਿਰ ਉਹ ਬਰੀ ਹੋ ਗਏ। ਉਨ੍ਹਾਂ ਇਹ ਵੀ ਹੈਰਾਨੀ ਜ਼ਾਹਰ ਕੀਤੀ ਕਿ ਕਿਸੇ ਵੀ ਬੇਅਦਬੀ ਦੇ ਮਾਮਲੇ ਵਿਚ ਅਜੇ ਤੱਕ ਇਨ੍ਹਾਂ ਘਟਨਾਵਾਂ ਪਿਛਲੀ ਸਾਜ਼ਿਸ਼ ਜਾਂ ਤਾਕਤ ਦਾ ਪੁਲਿਸ ਪਤਾ ਨਹੀਂ ਲਗਾ ਸਕੀ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਕਿਸੇ ਇਕ ਵਿਅਕਤੀ ਦਾ ਕੰਮ ਨਹੀਂ ਹੁੰਦੀਆਂ, ਇਨ੍ਹਾਂ ਪਿੱਛੇ ਵੱਡੀਆਂ ਸਾਜ਼ਿਸ਼ਾਂ ਅਤੇ ਤਾਕਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਇਹੀ ਰਹੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖ ਰਵਾਇਤਾਂ ਮੁਤਾਬਕ ਮੌਕੇ 'ਤੇ ਸਜ਼ਾ ਦੇਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਪਿੱਛੇ ਵੱਡੀ ਸਾਜ਼ਿਸ਼ ਅਤੇ ਏਜੰਸੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ।
ਦੂਜੇ ਪਾਸੇ ਜਿਉਂ ਹੀ ਇਸ ਘਟਨਾ ਦੀ ਖ਼ਬਰ ਫੈਲਣੀ ਸ਼ੁਰੂ ਹੋਈ ਤਾਂ ਪੰਜਾਬ ਭਰ ਤੋਂ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਦੇ ਵਟਸਐਪ 'ਤੇ ਸੁਨੇਹੇ ਵਾਇਰਲ ਕੀਤੇ ਜਾਣ ਲੱਗੇ। ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਵੱਡੀ ਗਿਣਤੀ ਆਪਣੇ ਸਾਥੀਆਂ ਸਮੇਤ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦੇ ਪੁਲੀਸ ਥਾਣੇ ਅਤੇ ਬਾਅਦ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਗਏ। ਮਨਜਿੰਦਰ ਸਿੰਘ ਬਰਾੜ, ਬੋਹੜ ਸਿੰਘ, ਫਤਹਿ ਸਿੰਘ, ਸੁਖਵਿੰਦਰ ਸਿੰਘ ਵੀਰ ਇੰਟਰਪ੍ਰਾਈਜਜ਼ ਅਤੇ ਬਾਬਾ ਮੇਹਰ ਸਿੰਘ ਜੱਸੋਵਾਲ ਸਮੇਤ ਵੱਡੀ ਗਿਣਤੀ ਸਥਾਨਕ ਸਿੱਖ ਸੰਗਤਾਂ ਵੀ ਰੋਸ ਵਜੋਂ ਹਾਜ਼ਰ ਸਨ, ਜਿਨ੍ਹਾਂ ਅੱਜ ਦੀ ਘਟਨਾ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰੂਨੀ ਪ੍ਰਬੰਧਾਂ 'ਤੇ ਵੀ ਸਵਾਲੀਆ ਉਂਗਲ ਚੁੱਕਦਿਆਂ ਕਿਹਾ ਕਿ ਤਖਤ ਸਾਹਿਬ ਦੇ ਅੰਦਰ ਗੁਰੂ ਸਾਹਿਬਾਨ ਦੇ ਮਹੱਤਵਪੂਰਨ ਪਾਵਨ ਸ਼ਸਤਰਾਂ ਦੀ ਸੁਰੱਖਿਆ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਕੁਝ ਇਸਲਾਮਿਕ ਤਾਕਤਾਂ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਸਲਾਮ ਧਰਮ ਨਾਲ ਸਬੰਧਤ ਸ਼ਸਤਰ ਪਏ ਹੋਣ ਦਾ ਦਾਅਵਾ ਕਰਕੇ ਉਨ੍ਹਾਂ ਸ਼ਸਤਰਾਂ ਨੂੰ ਇੱਥੋਂ ਲੈ ਕੇ ਜਾਣ ਦੀ ਧਮਕੀ ਵੀ ਦਿੱਤੀ ਗਈ ਸੀ। ਅੱਜ ਦੀ ਘਟਨਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਸ਼ਸਤਰਾਂ ਦੀ ਸੁਰੱਖਿਆ 'ਤੇ ਵੀ ਚਿੰਤਾ ਪੈਦਾ ਕਰ ਦਿੱਤੀ ਹੈ।