ਅਸ਼ੋਕ ਵਰਮਾ
ਬਠਿੰਡਾ, 13 ਸਤੰਬਰ 2021: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਇਸ ਸਾਲ ਦੌਰਾਨ ਚੋਟੀ ਦੀਆਂ ਬਹੁਕੌਮੀਕੰਪਨੀਆਂ,ਕਾਰਪੋਰੇਟ ਅਦਾਰਿਆਂ ਅਤੇ ਸਰਕਾਰੀ ਸੰਸਥਾਵਾਂ ਨੇ ਨੌਕਰੀਆਂ ਲਈ ਚੋਣ ਕੀਤੀ ਹੈ ਜਿਸ ਨੂੰ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੇ ਅਦਾਰੇ ਲਈ ਮਾਣ ਅਤੇ ਹੋਰਨਾਂ ਵਿਦਿਆਰਥੀਆਂ ਲਈ ਰਾਹ ਦਸੇਰਾ ਕਰਾਰ ਦਿੱਤਾ ਹੈ। ਫਾਰਮਾ, ਸੌਫਟਵੇਅਰ ਤੇ ਆਈਟੀ, ਸਿੱਖਿਆ, ਹੈਲਥਕੇਅਰ, ਬਾਇਓਸਾਇੰਸਜ, ਮੈਨੇਜਮੈਂਟ ਅਤੇ ਖੇਤੀਬਾੜੀ ਨਿਰਯਾਤ ਖੇਤਰ ਵਿੱਚ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ’ਚ ਯੂਨੀਵਰਸਿਟੀ ਦੇ ਲਗਭਗ 41 ਵਿਦਿਆਰਥੀ ਚੁਣੇ ਗਏ ਹਨ ਜਦੋਂਕਿ ਲਗਭਗ 24 ਵਿਦਿਆਰਥੀਆਂ ਨੂੰ ਸਰਕਾਰੀ ਸੰਸਥਾਵਾਂ ਅਤੇ 4 ਨੂੰ ਵਿਦੇਸ਼ੀ ਯੂਨੀਵਰਸਿਟੀਆਂ ਜਾਂ ਹੋਰਨਾਂ ਦੇਸ਼ਾਂ ਦੇ ਸਰਕਾਰੀ ਮਹਿਕਮਿਆਂ ਨੇ ਚੁਣਿਆ ਹੈ।
ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੈਕੇਜ ਕ੍ਰਮਵਾਰ 10.02 ਲੱਖ ਰੁਪਏ ਸਲਾਨ ਅਤੇ 52,704/- ਯੂਐਸ ਡਾਲਰ ਸਲਾਨਾ ਦਿੱਤਾ ਜਾਣਾ ਹੈ। ਵਾਈਸ ਚਾਂਸਲਰ ਪ੍ਰੋ.ਰਾਘਵੇਂਦਰ ਪ੍ਰਸ਼ਾਦ ਤਿਵਾੜੀ ਨੇ ਇੰਨ੍ਹਾਂ ਬਹੁਕੌਮੀਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਈ ਗਈ ਜੌਬ ਪਲੇਸਮੇਂਟ ਡਰਾਈਵ ਦਾ ਪ੍ਰਬੰਧ ਕਰਨ ਵਾਲੇ ਯੂਨੀਵਰਸਿਟੀ ਦੇ ਵਿਭਾਗਾਂ ਦੇ ਯਤਨਾਂ ਦੀ ਸ਼ ਲਾਘਾ ਕੀਤੀ। ਉਨ੍ਹਾਂ ਨੌਕਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਬੌਧਿਕ ਪੱਖ ਤੋਂ ਵਿਸ਼ਵਵਿਆਪੀ ਨਾਗਰਿਕ ਬਣਾਉਣ ਲਈ ਸੰਪੂਰਨ ਸਿੱਖਿਆ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।