ਕਰੋਡ਼ਾਂ ਰੁਪਏ ਦੀ ਜ਼ਮੀਨ ’ਤੇ ਕੀਤਾ ਜਾ ਰਿਹਾ ਹੈ ਨਾਜਾਇਜ਼ ਕਬਜਾ: ਹਰਪਾਲ ਜੁਨੇਜਾ
ਅਕਾਲੀ ਦਲ ਦੀ ਸਰਕਾਰ ਆਉਣ ’ਤੇ ਹਰ ਗੁੰਡਾਗਰਦੀ ਦਾ ਲਿਆ ਜਾਵੇਗਾ ਹਿਸਾ ਜਗਤਾਰ ਸਿੰਘ
ਪਟਿਆਲਾ, 14 ਸਤੰਬਰ 2021-ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਅੱਜ ਜਦੋਂ ਸ਼ੇਰਾਂ ਵਾਲਾ ਗੇਟ ਵਿਖੇ ਫੁਟਪਾਥ ’ਤੇ ਬਣਾਏ ਜਾ ਰਹੇ ਬੂਥ ਨੂੰ ਲੈ ਕੇ ਵਿਰੋਧ ਕੀਤਾ ਤਾਂ ਯੂਥ ਕਾਂਗਰਸੀ ਆਗੂ ਕਰਨ ਗੌੜ ਨਾਲ ਬਹਿਸ ਹੋ ਗਈ ਅਤੇ ਕਾਫੀ ਦੇਰ ਗਹਿਮਾ ਗਹਿਮੀ ਹੋਈ। ਦੋਨਾ ਧਿਰਾਂ ਵੱਲੋਂ ਇੱਕ ਦੂੁਜੇ ’ਤੇ ਦੋਸ਼ ਲਗਾਏ। ਅਕਾਲੀ ਦਲ ਵੱਲੋਂ ਇਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਇਸ ਨੂੰ ਨਾਜਾਇਜ਼ ਕਬਜ਼ਾ ਕਰਾਰ ਦਿੱਤਾ।
ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਯੂਥ ਕਾਂਗਰਸੀ ਆਗੂ ਵੱਲੋਂ ਸਰੇਆਮ ਕਰੋਡ਼ਾਂ ਰੁਪਏ ਦੀ ਜ਼ਮੀਨ ’ਤੇ ਕਬਜ਼ਾ ਕਰ ਰਿਹਾ ਹੈ ਅਤੇ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਥੇ ਗੁੰਡੇ ਬੁਲਾ ਲਏ ਗਏ, ਜਿਹੜੇ ਪੁਰੀ ਤਰ੍ਹਾਂ ਹਥਿਆਰਾਂ ਨਾਲ ਲੈਸ ਸਨ। ਸ਼ਹਿਰ ਵਿਚ ਇਸ ਤੋਂ ਵੱਡੀ ਗੁੰਡਾਗਰਦੀ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗਰੀਬ ਵਿਅਕਤੀ ਆਪਣੀਆਂ ਰੇਹੜੀਆਂ ਅਤੇ ਫੜੀਆਂ ਲਗਾ ਕੇ ਆਪਣੇ ਬੱਚੇ ਪਾਲ ਰਹੇ ਸਨ ਉਥੇ ਉਨ੍ਹਾਂ ਨੂੰ ਭਜਾ ਦਿੱਤਾ ਗਿਆ ਅਤੇ ਸ਼ਰੇਆਮ ਕਬਜਾ ਕਰ ਲਿਆ ਗਿਆ। ਆਮ ਲੋਕਾਂ ਨੂੰ ਨਕਸਾ ਪਾਸ ਕਰਨ ਦੇ ਬਾਵਜੂਦ ਵੀ ਇੱਕ ਇੱਟ ਨਹੀਂ ਲਗਾਉਣ ਦਿੱਤੀ ਜਾਂਦੀ ਅਤੇ ਇਥੇ ਸਰੇਆਮ ਬੂੁਥ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਲੋਕਾਂ ਦੇ ਥੜੇ ਤੋੜ ਦੇ ਬਜ਼ਾਰ ਖੁੱਲੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਸਭ ਤੋਂ ਭੀੜ ਭਾੜ ਵਾਲੇ ਇਲਾਕੇ ਸ਼ੇਰਾਂ ਵਾਲਾ ਗੇਟ ਵਿਖੇ ਸਡ਼ਕ ‘ਤੇ ਕਬਜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਸਮੁੱਚੇ ਨਾਜਾਇਜ ਕਬਜਿਆਂ ਨੂੰ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸੀਆਂ ਨੂੰ ਇਸ ਤਰ੍ਹਾਂ ਸਰਕਾਰੀ ਜ਼ਮੀਨਾਂ ‘ਤੇ ਕਬਜ਼ੇ ਨਹੀਂ ਕਰਨ ਦੇਣਗੇ।