ਕਿਰਤੀ ਕਿਸਾਨ ਮੋਰਚਾ ਨੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕੀ ਵਿਚਾਰਾਂ ਕੀਤੀਆਂ, ਪੜ੍ਹੋ
ਰੂਪਨਗਰ, 14 ਸਤੰਬਰ 2021- ਅੱਜ ਕਿਰਤੀ ਕਿਸਾਨ ਮੋਰਚਾ ਰੋਪੜ ਬਲਾਕ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਸਤਨਾਮ ਜੀ ਨੰਗਲ ਚੌਕ ਰੋਪੜ ਵਿਖੇ ਜ਼ਿਲ੍ਹਾ ਆਗੂ ਜਗਮਨਦੀਪ ਸਿੰਘ ਪੜ੍ਹੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ 27 ਸਤੰਬਰ ਨੂੰ ਭਾਰਤ ਬੰਦ ਦਾ ਸੁਨੇਹਾ ਦੇਣ ਸੰਬੰਧੀ ਅਤੇ ਦਿੱਲੀ ਧਰਨੇ ਵਿੱਚ ਵੱਧ ਤੋਂ ਵੱਧ ਜਥੇ ਭੇਜਣ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਕੁਲਵੰਤ ਸਿੰਘ ਸੈਣੀ ਨੇ ਕਿਹਾ ਕਿ ਕਿਰਤੀ ਕਿਸਾਨ ਮੋਰਚਾ ਰੋਪੜ ਬੱਬਰ ਅਕਾਲੀ ਲਹਿਰ ਦਾ 100 ਸਾਲਾ ਸ਼ਤਾਬਦੀ ਮਨਾ ਰਹੀ ਹੈ, ਜਿਸ ਸੰਬੰਧੀ ਤਿਆਰੀ ਕਰਕੇ ਜ਼ਿਲ੍ਹਾ ਪੱਧਰੀ ਵੱਡਾ ਪ੍ਰੋਗਰਾਮ ਵੀ ਕੀਤਾ ਜਾਵੇਗਾ ।
ਮੋਰਚੇ ਦੀ ਆਗੂ ਜਗਦੀਪ ਕੌਰ ਨੇ ਕਿਹਾ ਕਿ ਮੱਕੀ ਦੀ ਫਸਲ ਦੇ ਖ਼ਰਾਬੇ ਦਾ ਮੁਆਵਜ਼ਾ ਲੈਣ ਲਈ ਗਿਰਦਾਵਰੀ ਘਨੌਲੀ ਇਲਾਕੇ ਦੇ ਵਿੱਚ ਸਹੀ ਤਰੀਕੇ ਨਾਲ ਪਟਵਾਰੀਆਂ ਵੱਲੋਂ ਕੀਤੀ ਜਾਵੇ ਅਤੇ ਸਾਰੇ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ । ਇਸ ਮੌਕੇ ਗੁਰਪ੍ਰੀਤ ਸਿੰਘ ਮਾਣਕਮਾਜਰਾ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਫ਼ਰਦ ਜਮ੍ਹਾ ਕਰਾਉਣ ਦੀ ਲੋੜ ਨਹੀਂ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਝੋਨੇ ਦੀ ਫਸਲ ਦੀ ਖਰੀਦ ਸਹੀ ਸਮੇਂ ਅਤੇ ਵੱਧ ਤੋਂ ਵੱਧ ਮਾਤਰਾ ਵਿੱਚ ਕੀਤੀ ਜਾਵੇ । ਇਸ ਮੌਕੇ ਸਾਰੇ ਮੈਂਬਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਸਬੰਧੀ ਦਿੱਤੇ ਬਿਆਨ ਦੀ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੀ ਕਿਸਾਨ ਵਿਰੋਧੀ ਹੈ । ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨ ਜਥੇਬੰਦੀਆਂ ਉੱਤੇ ਗਲਤ ਬਿਆਨਬਾਜ਼ੀ ਕਰ ਰਹੀ ਹੈ । ਮੁੱਖ ਮੰਤਰੀ ਨੂੰ ਅਜਿਹੇ ਬਿਆਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਇਸ ਮੌਕੇ ਜਰਨੈਲ ਸਿੰਘ ਮਗਰੋੜ ,ਹਰਪ੍ਰੀਤ ਸਿੰਘ ਨੰਬਰਦਾਰ, ਗੁਰਿੰਦਰ ਸਲੋਰਾ ਹਰਪਾਲ ਕੌਰ , ਹਰਨਾਮ ਸਿੰਘ ਸੰਤੋਖਗਡ਼ ਆਦਿ ਆਗੂ ਮੌਜੂਦ ਸਨ।