ਮੋਟਰ ਸਾਈਕਲ ਤੇ ਮਹਿੰਦਰਾ ਗੱਡੀ ਦੀ ਹੋਈ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ , ਇੱਕ ਬੱਚਾ ਜ਼ਖਮੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 14 ਸਤੰਬਰ 2021 - ਸੁਲਤਾਨਪੁਰ ਲੋਧੀ ਕਪੂਰਥਲਾ ਰੋਡ ਡਿੰੰਗਾ ਪੁਲ ਨੇੜੇ ਮਹਿੰਦਰਾ ਪਿਕਅੱਪ ਅਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਬੱਚਾ ਭਿਆਨਕ ਰੂਪ ਵਿੱਚ ਜਖਮੀ ਹੋਣ ਦੀ ਖਬਰ ਪ੍ਰਾਪਤ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਪੀਬੀ 08 ਈਕੇ 8964 ਮਹਿੰਦਰਾ ਪਿਕਅੱਪ ਕਪੂਰਥਲਾ ਸਾਈਡ ਤੋਂ ਸੁਲਤਾਨਪੁਰ ਲੋਧੀ ਆ ਰਹੀ ਸੀ ਜਿਸ ਨੂੰ ਡਰਾਈਵਰ ਅਵਤਾਰ ਸਿੰਘ ਵਾਸੀ ਸੈਫਲਾਬਾਦ ਚਲਾ ਰਿਹਾ ਸੀ ਜਿਸਦਾ ਅਚਾਨਕ ਸੰਤੁਲਨ ਵਿਗੜ ਗਿਆ ਤੇ ਗੱਡੀ ਪਲਟੀ ਖਾਂ ਕੇ ਦੂਸਰੀ ਸਾਈਡ ਤੇ ਸੁਲਤਾਨਪੁਰ ਲੋਧੀ ਤੋਂ ਪਿੰਡ ਰਣਧੀਰਪੁਰ ਨੂੰ ਜਾ ਰਹੇ ਇੱਕ ਮੋਟਰਸਾਈਕਲ ਸਪਲੈਂਡਰ ਪੀਬੀ-41 ਏ 5607 ਨਾਲ ਜਾ ਟਕਰਾਈ ਜਿਸ ਨਾਲ ਮੋਟਰਸਾਈਕਲ ਗੱਡੀ ਦੇ ਹੇਠਾਂ ਆ ਗਿਆ।
ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ (45) ਪੁੱਤਰ ਤਾਰਾ ਸਿੰਘ ਵਾਸੀ ਰਣਧੀਰਪੁਰ ਅਤੇ ਉਸਦਾ ਬੇਟਾ ਅਮਨਪ੍ਰੀਤ ਸਿੰਘ (13) ਜੋ ਇਸ ਘਟਨਾ ਵਿੱਚ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ। ਜਿਹਨਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭਰਤੀ ਕਰਵਾਇਆ ਗਿਆ।ਸਿਵਲ ਹਸਪਤਾਲ ਡਿਊਟੀ ਡਾਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਰਣਧੀਰਪੁਰ ਦੀ ਮੌਤ ਹੋ ਗਈ ਅਤੇ ਉਸਦਾ ਬੇਟਾ 13 ਸਾਲਾ ਅਮਨਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ ਜਿਸਦਾ ਇਲਾਜ ਡਾਕਟਰਾਂ ਵਲੋਂ ਕੀਤਾ ਜਾ ਰਿਹਾ ਹੈ।
ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਡਰਾਈਵਰ ਅਵਤਾਰ ਸਿੰਘ ਉਹਨਾਂ ਦੀ ਨਿਗਰਾਨੀ ਹੇਠ ਹੈ ਅਤੇ ਤਫਤੀਸ਼ ਚੱਲ ਰਹੀ ਹੈ।ਉਹਨਾਂ ਦੱਸਿਆ ਕਿ ਗੱਡੀ ਡਰਾਈਵਰ ਤੇ ਮ੍ਰਿਤਕ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਗੌਰਤਾਲਾਬ ਹੈ ਕਿ ਬੱਚੇ ਅਮਨਪ੍ਰੀਤ ਸਿੰਘ ਦੀ ਮੰਮੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਅੱਜ ਉਸਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋਣ ਨਾਲ ਬੱਚਾ ਅਨਾਥ ਹੋ ਗਿਆ ਅਤੇ ਵੱਡੀਆਂ ਮੁਸੀਬਤਾਂ ਆਣ ਪਈਆਂ।