ਜਰਾ ਸੋਚ ਕੇ ਬੋਲੀਂ ਵੇ ਵੱਡਿਆ ਠਾਣੇਦਾਰਾ ਅਸਾਂ ਨਹੀਂ ਕਨੌੜ ਝੱਲਣੀ
ਅਸ਼ੋਕ ਵਰਮਾ
ਬਠਿੰਡਾ, 14 ਸਤੰਬਰ2021:ਭਾਵੇਂ ਹੈਡਿੰਗ ਨਾਲ ਸਬੰਧਤ ਸ਼ਬਦ ਸਵਰਗੀ ਨਰਿੰਦਰ ਬੀਬਾ ਵੱਲੋਂ ਗਾਏ ਇੱਕ ਗਾਣੇ ਨਾਲ ਮਿਲਦੇ ਜੁਲਦੇ ਹਨ ਪਰ ਥਾਣਾ ਕੈਨਾਲ ਕਲੋਨੀ ਬਠਿੰਡਾ ਦੇ ਮੁੱਖ ਥਾਣਾ ਅਫਸਰ ਮੇਜਰ ਸਿੰਘ ਵੱਲੋਂ ਨਸ਼ਿਆਂ ਖਿਲਾਫ ਕੀਤੀ ਇੱਕ ਨੁੱਕੜ ਸਭਾ ’ਚ ਬੋਲੀ ਬੇਹੂਦਾ ਅਪੱਦੀ ਅਤੇ ਮਰਿਆਦਾ ਤਾਂ ਬਾਹਰ ਵਾਲੀ ਸ਼ਬਦਾਵਲੀ ਨੂੰ ਲੈਕੇ ਮੁਹੱਲੇ ਦੀਆਂ ਔਰਤਾਂ ਨੇ ਆਪਣਾ ਇਹ ਦਰਦ ਬਿਆਨ ਕੀਤਾ ਹੈ। ਇਹ ਐਸ ਐਚ ਓ ਆਪਣੇ ਇਲਾਕੇ ’ਚ ਨਿੱਤ ਨਵੇਂ ਫੁਰਮਾਨ ਜਾਰੀ ਕਰ ਰਿਹਾ ਹੈ ਜਿਸ ਨੂੰ ਲੈਕੇ ਆਮ ਲੋਕ ਪ੍ਰੇਸ਼ਾਨ ਹਨ। ਜਿਸ ਤਰਾਂ ਦੇ ਬੋਲ ਐਸ ਐਚ ਓ ਨੇ ਬੋਲੇ ਹਨ ਉਸ ਨੂੰ ਲੈਕੇ ਨੁੱਕੜ ਸਭਾ ਵਿਚ ਵੀ ਘੁਸਰ ਮੁਸਰ ਹੁੰਦੀ ਰਹੀ ਤੇ ਇੱਕ ਵਾਰ ਤਾੜੀਆਂ ਵੀ ਵੱਜਦੀਆਂ ਹਨ।
ਵੱਡੀ ਗੱਲ ਹੈ ਕਿ ਵਾਇਰਲ ਵੀਡੀਓ ਵਿੱਚ ਤਿੰਨ ਲੜਕੇ ਅਤੇ ਇੱਕ ਮੁਲਾਜਮ ਵੀਡੀਓ ਬਣਾਉਂਦੇ ਦਿਖਾਈ ਦੇ ਰਹੇ ਹਨ। ਇਸ ਦੇ ਬਾਵਜੂਦ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ’ਚ ਐਸ ਐਚ ਓ ਵੱਲੋਂ ਵਰਤੇ ਸ਼ਬਦ ਸ਼ਰਮਸਾਰ ਕਰਨ ਵਾਲੇ ਹਨ। ਹਾਲਾਂਕਿ ਐਸ ਐਚ ਓ ਮੇਜਰ ਸਿੰਘ ਨੇ ਕਿਹਾ ਕਿ ਉਹ ਭਾਵੁਕ ਹੋ ਗਏ ਸਨ ਪਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਬੋਲਬਾਣੀ ਦਾ ਸਖਤ ਨੋਟਿਸ ਲਿਆ ਹੈ। ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਇਸ ਨੁੱਕੜ ਸਭਾ ਨੂੰ ਸੰਬੋਧਨ ਕਰਦਿਆਂ ਐਸ ਐਚ ਓ ਮੇਜਰ ਸਿੰਘ ਨੇ ਜਿਹੜੀਆਂ ਔਰਤਾਂ ਨੇ ਮੁਹੱਲਿਆਂ ’ਚ ਗੰਦ ਪਾਇਆ ਹੋਇਆ ਹੈ ਉਨ੍ਹਾਂ ਨੂੰ ਉਹ ਸਲਵਾਰਾਂ ਪੁਆ ਦੇਣਗੇ ਮੇਰੀ ਪੰਜਾਬੀ ’ਚ ਗੱਲ ਹੈ। ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਕਿ ਜਿਹੜਾ ਵੀ ਗੰਦ ਪਾਉਂਦਾ ਹੈ ਉਸ ਦੀ ਪਾਵਰ ਜਿਆਦਾ ਹੈ ਪਰ ਮੇਰਾ ਜੱਫ ਪੁਆ ਦਿਓ ਉਹਦੇ ਨਾਲ।
ਜਿਹੋ ਜਿਹੀ ਹਾਲਤ ’ਚ ਮੈਂ ਫੜੂੰਗਾ ਉਸੇ ਹਾਲਤ ’ਚ ਲੈਕੇ ਜਾਊਂਗਾ ਇਸ ਲਈ ਆਪਣੀਆਂ ਇੱਜਤਾਂ ਬਚਾ ਲਓ, ਗੇਟ ਲਾ ਲਓ।ਐਸ ਐਚ ਓ ਆਖਦਾ ਹੈ ਕਿ ਮੈਂ ਆਪਣਾ ਥਾਣਾ ਧੋ ਦਿੱਤਾ ਹੈ ਕੋਈ ਵੀ ਮੇਰਾ ਮੁਲਾਜਮ ਕੁਲੈਕਸ਼ਨ ਲਈ ਨਹੀਂ ਆਊਗਾ ਤੇ ਨਾਂ ਹੀ ਤੰਗ ਕਰੂਗਾ। ਮੈਂ ਸਿਰਫ ਰਾਤ ਨੂੰ ਢਾਈ ਘੰਟੇ ਸੌਂਂਦਾ ਮੇਰੇ ਤੋਂ ਪੀ ਸੀ ਆਰ ਵੀ ਤੰਗ ਹੈ। ਮੈਂ ਸਿਰਫ ਐਮ ਸੀ ਦੀ ਸੁਣਦਾ ਹੈ ਹੋਰ ਕਿਸੇ ਦੀ ਨਹੀਂ। ਪਹਿਲੀ ਗੱਲ ਹੈ ਕਿ ਤੁਸੀਂ ਐਮ ਸੀ ਕੋਲ ਜਾਓ। ਜੇਕਰ ਕੋਈ ਆਪਦੇ ਆਪ ਨੂੰ ਬਿਨਾਂ ਮਤਲਬ ਪ੍ਰਧਾਨ ਦੱਸਣ ਵਾਲਾ ਬੰਦਾ ਆ ਗਿਆ ਤਾਂ ਮੈਂ ਬੇਇਜਤੀ ਬੜੀ ਕਰਦਾ ਹਾਂ। ਵੀਡੀਓ ’ਚ ਆਖਿਆ ਕਿ ਜਿਹੜੀ ਮੰਡ੍ਹੀਰ ਮੋਟਰਸਾਈਕਲਾਂ ਤੇ ਹਵਾ ਕਰਦੀ ਫਿਰਦੀ ਹੈ ਉਸ ਨੇ ਜਿਹੜਾ ਕੁੱਝ ਪਹਿਲਾਂ ਕਰ ਲਿਆ ਪਰ ਹੁਣ ਸੰਭਲ ਜਾਏ।
ਜਿਹੜੇ ਗਲ੍ਹਤ ਬੰਦੇ ਨੂੰ ਫੜ੍ਹ ਲਿਆ ਮੈਂ ਕੁੱਟ ਕੇ ਲਿਜਾਊਂ ਏਥੋਂ। ਜਿਹੜੇ ਆਹ ਨੀਕਰਾਂ ਪਾਕੇ ਹਵਾ ਕਰਦੇ ਫਿਰਦੇ ਹਨ ਇਹ ਵੀ ਬਾਜ ਆ ਜਾਣ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹਨ ਇੰਨ੍ਹਾਂ ਦੀ ਰਾਖੀ ਕਰਨ ਵਾਸਤੇ ਮੈ ਹਾਂ। ਨਸ਼ਿਆਂ ਬਾਰੇ ਕਿਸੇ ਨੂੰ ਫੋਨ ਕਰਨ ਦੀ ਲੋੜ ਨਹੀਂ ਨਾਂ ਹੀ ਦੁਸ਼ਮਣੀ ਪਾਉਣ ਦੀ ਮੇਰਾ ਨੈਟਵਰਕ ਬਹੁਤ ਹੈ ਮੈਂ ਆਪੇ ਕਰੂੰ। ਮੇਰੀ ਜੱਜਮੈਂਟ ਬਹੁਤ ਹੈ ਤੁਸੀਂ ਅੰਦਰ ਵੜ ਜਾਓ ਮੈਂ ਆਪੇ ਫੜਾਂਗਾ। ਇਹ ਬਹੁਤ ਵੱਡਾ ਗੈਂਗ ਹੈ ਜੋ ਬੱਚਿਆਂ ਨੂੰ ਖਰਾਬ ਕਰ ਰਿਹਾ ਹੈ। ਐਸ ਐਚ ਓ ਨੇ ਕਿਹਾ ਕਿ ਕੰਮ ਕਰਨ ਵਾਲਾ ਬੰਦਾ ਮੋਟਰਸਾਈਕਲ ਤੇ ਆਉਂਦਾ ਮੈਂ ਛੇੜਦਾ ਨਹੀਂ।
ਕੰਮ ਵਾਲੇ ਬੰਦੇ ਭਾਵੇਂ ਮੋਟਰਸਾਈਕਲ ਤੇ ਚੜ੍ਹੇ ਆਉਂਦੇ ਹੋਣ ਮੈਂ ਛੇੜਦਾ ਨਹੀਂ ਪਰ ਖਰਾਬ ਕਰਨ ਵਾਲੇ ਇੱਕ ਬੰਦੇ ਨੂੰ ਵੀ ਨਹੀਂ ਛੱਡਦਾ। ਇਜੱਤਦਾਰ ਆਪਣੇ ਵਹੀਕਲ ਅਤੇ ਆਪਣੇ ਬੱਚੇ ਅੰਦਰ ਬੰਦ ਕਰ ਲਵੋਂ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਮਾੜੇ ਅਨਸਰ ਸੁਧਰ ਜਾਣ ਨਹੀਂ ਤਾਂ ਉਨ੍ਹਾਂ ਨੂੰ ਭੁਗਤਣਾ ਪਵੇਗਾ। ਇਸ ਤੋਂ ਇਲਾਵਾ ਵੀ ਵੀਡੀਓ ’ਚ ਕਾਫੀ ਕੁੱਝ ਬੋਲਿਆ ਗਿਆ ਹੈ। ਐਸ ਐਚ ਓ ਨੇ ਆਖਿਆ ਕਿ ਜਦੋਂ ਮੈਂ ਸੁਧਾਰ ਕਰ ਲਿਆ ਤਾਂ ਮੇਰੀ ਬਦਲੀ ਹੋਣ ਤੇ ਤੁਸੀ ਅਫਸਰਾਂ ਕੋਲ ਰੁਕਵਾਉਣ ਲਈ ਜਾਓਗੇ।
ਮੈਂ ਭਾਵੁਕ ਹੋ ਗਿਆ: ਐਸ ਐਚ.ਓ
ਮੁੱਖ ਥਾਣਾ ਅਫਸਰ ਮੇਜਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਨਸ਼ਿਆਂ ਖਿਲਾਫ ਸੈਮੀਨਾਰ ਕਰਨੇ ਸ਼ੁਰੂ ਕੀਤੇ ਹੋਏ ਹਨ। ਉਨ੍ਹਾਂ ਆਖਿਆ ਕਿ ਮੈਂ ਜਿਸ ਇਲਾਕੇ ’ਚ ਗਿਆ ਸੀ ਉੱਥੇ ਹਾਲਾਤ ਹੀ ਇਹੋ ਜਿਹੇ ਹਨ ਕਿ ਹਰ ਦੂਜੇ ਘਰ ’ਚ ਮਾੜਾ ਧੰਦਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਲੜਕੀਆਂ ਬਾਹਰ ਨਹੀਂ ਨਿੱਕਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਬੋਲਣਾ ਹੀਂ ਚਾਹੀਦਾ ਸੀ ਪਰ ਹਾਲਾਤਾਂ ਮੁਤਾਬਕ ਮੈਂ ਬੋਲ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਡਰੈਸ ਕੋਡ ਜਾਰੀ ਨਹੀਂ ਹੋ ਸਕਦਾ ਪਰ ਲੋਕਾਂ ਦੀਆਂ ਸ਼ਕਾਇਤਾਂ ਦੇ ਅਧਾਰ ਤੇ ਬੋਲਣਾ ਪਿਆ ਹੈ।
ਮਾਮਲੇ ਦੀ ਪੜਤਾਲ: ਐਸ ਐਸ ਪੀ
ਸੀਨੀਅਰ ਪੁਲਿਸ ਕਪਤਾਨ ਅਜੇ ਮਲੂਜਾ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ। ਉਨ੍ਹਾਂ ਆਖਿਆ ਕਿ ਜੇਕਰ ਕੋਈ ਮਾੜੇ ਤੱਥ ਸਾਹਮਣੇ ਆਏ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ।