ਪੀ. ਯੂ. ਵਿਖੇ ਵੀ. ਸੀ. ਦੀ ਅਗਵਾਈ ਹੇਠ ਵਿੱਢੀ ਮੁਹਿੰਮ ਹੋ ਰਹੀ ਹੈ ਸਫ਼ਲ ਸਾਬਤ
ਜਗਤਾਰ ਸਿੰਘ
ਪਟਿਆਲਾ, 14 ਸਤੰਬਰ 2021-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਅਰਵਿੰਦ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਵਿਸ਼ੇਸ਼ ਮੁਹਿੰਮ ਸਫਲ ਸਾਬਿਤ ਹੋ ਰਹੀ ਹੈ। ਇਸੇ ਮੁਹਿੰਮ ਤਹਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਰਾਸ਼ੀ ਨਾਲ ਸੰਬੰਧਤ ਵੱਡਾ ਮਾਮਲਾ ਯੂਨੀਵਰਸਿਟੀ ਵੱਲੋਂ ਸਾਹਮਣੇ ਲਿਆਂਦਾ ਗਿਆ ਸੀ।
ਇਸੇ ਕਾਰਵਾਈ ਨੂੰ ਅੱਗੇ ਤੋਰਦਿਆਂ ਯੂਨੀਵਰਸਿਟੀ ਵੱਲੋਂ ਹੋਰ ਬੇਨਿਯਮੀਆਂ ਨੂੰ ਫੜਿਆ ਗਿਆ ਹੈ। ਇਸ ਕੇਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨਾਲ ਤਕਰੀਬਨ 40 ਲੱਖ ਰੁਪਏ ਦੀ ਰਾਸ਼ੀ ਗਬਨ ਕੀਤੀ ਗਈ ਸੀ। ਇਸ ਸੰਬੰਧੀ ਜਾਂਚ ਚੱਲ ਰਹੀ ਹੈ।
ਵਾਈਸ ਚਾਂਸਲਰ ਡਾ. ਅਰਵਿੰਦ ਵਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਮਸਲੇ ਨਾਲ ਜੁੜੇ ਕੁੱਲ 10 ਕਰਮਚਾਰੀਆਂ ਉੱਪਰ ਤੁਰੰਤ ਪ੍ਰਭਾਵੀ ਹੁਕਮਾਂ ਨਾਲ ਕਾਰਵਾਈ ਕਰਦਿਆਂ ਇਨ੍ਹਾਂ ਵਿਚੋਂ ਤਿੰਨ ਕੰਟਰੈਕਟ ਮੁਲਾਜ਼ਮਾਂ ਦੇ ਕੰਟਰੈਕਟ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਬਾਕੀ ਸੱਤ ਰੈਗੂਲਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮੁਅੱਤਲ ਕਰਦਿਆਂ ਇਸ ਸਮੁੱਚੀ ਜਾਂਚ ਨੂੰ ਚਾਰਜਸ਼ੀਟ ਲਈ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਕ ਮੁਕੱਦਸ ਅਦਾਰਾ ਹੈ ਜਿੱਥੇ ਅਜਿਹੀ ਕਿਸੇ ਵੀ ਕਿਸਮ ਦੀ ਬੇਨਿਯਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।