ਅਮਰੀਕਾ: 243,000 ਤੋਂ ਵੱਧ ਬੱਚਿਆਂ ਨੇ 1 ਹਫਤੇ ਦੌਰਾਨ ਕੀਤਾ ਪਾਜ਼ੀਟਿਵ ਕੋਰੋਨਾ ਟੈਸਟ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 14 ਸਤੰਬਰ 2021 - ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਐਂਡ ਚਿਲਡਰਨਜ਼ ਹਸਪਤਾਲ ਐਸੋਸੀਏਸ਼ਨ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਅਮਰੀਕਾ ਵਿੱਚ ਪਿਛਲੇ ਹਫਤੇ ਦੌਰਾਨ 243,000 ਤੋਂ ਵੱਧ ਬੱਚਿਆਂ ਨੇ ਕੋਵਿਡ -19 ਲਈ ਪਾਜੇਟਿਵ ਟੈਸਟ ਕੀਤਾ ਹੈ, ਜੋ ਕਿ ਬੱਚਿਆਂ ਦੇ ਮਾਮਲੇ ਵਿੱਚ ਹੁਣ ਤੱਕ ਦਾ ਦੂਜਾ ਸਭ ਤੋਂ ਵੱਧ ਹਫਤਾਵਰੀ ਰਿਕਾਰਡ ਹੈ।
ਅੰਕੜਿਆਂ ਅਨੁਸਾਰ ਪਿਛਲੇ ਹਫਤੇ, ਬੱਚਿਆਂ ਦੀ 28.9% ਗਿਣਤੀ ਕੋਰੋਨਾ ਦੀ ਲਪੇਟ ਵਿੱਚ ਆਈ। ਪੂਰੇ ਯੂ ਐਸ ਵਿੱਚ, ਲਗਭਗ 2,200 ਬੱਚੇ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਹਨ। ਟੈਕਸਾਸ ਵਿੱਚ ਇਸ ਵੇਲੇ 377 ਬੱਚਿਆਂ ਦੀ ਹਸਪਤਾਲ ਵਿੱਚ ਦੇਖਭਾਲ ਕੀਤੀ ਜਾ ਰਹੀ ਹੈ, ਜਦਕਿ ਓਹੀਓ ਅਤੇ ਫਲੋਰਿਡਾ ਵਿੱਚ ਇਹ ਗਿਣਤੀ ਕ੍ਰਮਵਾਰ 258 ਅਤੇ 168 ਹੈ। ਸਿਰਫ ਪਿਛਲੇ ਮਹੀਨੇ ਵਿੱਚ ਹੀ ਯੂ ਐਸ ਨੇ 1 ਮਿਲੀਅਨ ਤੋਂ ਵੱਧ ਬਾਲ ਕੋਰੋਨਾ ਕੇਸਾਂ ਦੀ ਰਿਪੋਰਟ ਕੀਤੀ ਹੈ ਜਦਕਿ ਜੁਲਾਈ ਦੇ ਅਖੀਰ ਵਿੱਚ ਕਲਾਸਰੂਮਾਂ ਵਿੱਚ ਵਾਪਸ ਆਉਣ ਤੋਂ ਬਾਅਦ 1.2 ਮਿਲੀਅਨ ਤੋਂ ਵੱਧ ਬੱਚਿਆਂ ਨੇ ਸਕਾਰਾਤਮਕ ਟੈਸਟ ਕੀਤੇ ਹਨ।