ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਬਹੁਪੱਖੀ ਰਣਨੀਤੀ ਅਪਣਾਈ - ਡੀ ਸੀ ਅੰਮ੍ਰਿਤ ਕੌਰ
ਮਲੇਰਕੋਟਲਾ, 14 ਸਤੰਬਰ,2021 - ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਬਹੁਪੱਖੀ ਰਣਨੀਤੀ ਅਪਣਾਉਣ ਦੇ ਨਾਲ ਨਾਲ ਲੋਕ ਜਾਗਰੂਕ ਲਹਿਰ ਪੈਦਾ ਕਰਕੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਕੀਤੇ ਅਤੇ ਕਿਹਾ ਕਿ ਅੱਗ ਕਾਰਨ ਹੋਣ ਵਾਲਾ ਧੂੰਆਂ ਆਮ ਲੋਕਾਂ ਖ਼ਾਸ ਕਰਕੇ ਕੋਵਿਡ-19 ਨਾਲ ਜੂਝ ਰਹੇ ਮਰੀਜ਼ਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੋਬਾਇਲ ਆਈ ਖੇਤ ਐਪ ਕਿਸਾਨਾਂ ਦੀ ਮਸ਼ੀਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਹਾਇਕ ਸਿੱਧ ਹੋਵੇਗੀ , ਜਿਸ ਨਾਲ ਕਿਸਾਨ ਬਲਾਕ ਪੱਧਰ 'ਤੇ ਮਸ਼ੀਨਰੀ ਦੀ ਉਪਲਬਧਤਾ ਚੈੱਕ ਕਰ ਸਕਣਗੇ ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸੁਪਰ ਸੀਡਰ, ਮਲਚਰ, ਆਰ.ਐਮ.ਬੀ. ਪਲੋਅ, ਹੈਪੀ ਸੀਡਰ, ਸੁਪਰ ਐਸ.ਐਮ.ਐਸ. ਸਮੇਤ ਮਸ਼ੀਨਾਂ ਜ਼ਿਲ੍ਹੇ 'ਚ ਉਪਲਬਧ ਹਨ, ਜਿਨ੍ਹਾਂ ਨੂੰ ਮੋਬਾਇਲ ਐਪ ਦੇ ਮਾਧਿਅਮ ਰਾਹੀਂ ਵੇਖਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 49 ਸਹਿਕਾਰੀ ਸਭਾਵਾਂ, ਕਿਸਾਨ ਸਮੂਹ ਅਤੇ ਪੰਚਾਇਤਾਂ ਨਵੀਂਆਂ ਮਸ਼ੀਨਾਂ ਖ਼ਰੀਦ ਕਰ ਸਕਦੀਆਂ ਹਨ ।ਜ਼ਿਲ੍ਹੇ ਦੇ ਕਿਸਾਨਾਂ ਨੂੰ ਮਸ਼ੀਨਾਂ ,ਸੰਦ ਲੋੜ ਅਨੁਸਾਰ ਉਪਲਬਧ ਕਰਾਉਣ ਲਈ ਵਿਸ਼ੇਸ਼ ਯੋਜਨਾ ਉਲੀਕੀ ਜਾਵੇ । ਉਨ੍ਹਾਂ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡ ਪੱਧਰ ਤੇ ਜਾਣਕਾਰੀ ਹਾਸਲ ਕਰਨ ਕਿ ਕਿਸ ਪਿੰਡ ਵਿੱਚ ਕਿੰਨੀ ਮਸ਼ੀਨਰੀ ਹੈ ਤਾਂ ਜੋ ਜਿਹੜੇ ਪਿੰਡ ਵਿੱਚ ਮਸ਼ੀਨਰੀ ਦੀ ਘਾਟ ਹੋਵੇਗੀ ਉੱਥੇ ਵਾਧੂ ਮਸ਼ੀਨਰੀ ਵਾਲੇ ਪਿੰਡ ਨਾਲ ਜੋੜ ਕੇ ਮਸ਼ੀਨਰੀ ਦੀ ਘਾਟ ਪੂਰੀ ਕੀਤੀ ਜਾ ਸਕੇ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਰੁਝਾਨ ਦੀ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਤੋਂ ਲੈ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਤੱਕ ਬਹੁਪੱਖੀ ਰਣਨੀਤੀ ਅਪਣਾਉਣ ਦੇ ਨਾਲ ਨਾਲ ਪਿੰਡ- ਪਿੰਡ ਜਾ ਕੇ ਭਾਵਨਾਤਮਕ ਸਾਂਝ ਪੈਦਾ ਕਰਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਫ਼ਸਲਾਂ ਦੀ ਰਹਿੰਦ ਖ਼ੁਦ/ਪਰਾਲੀ ਨੂੰ ਅੱਗ ਨਾ ਲਾਉਣ ਲਈ ਵਧ ਤੋਂ ਵਧ ਕਿਸਾਨ ਨੂੰ ਜਾਗਰੂਕ ਕਰਨ ਅਤੇ ਅਜਿਹੀਆਂ ਘਟਨਾਵਾਂ 'ਤੇ ਸਖ਼ਤ ਨਜ਼ਰ ਰੱਖਣ ਲਈ ਇੱਕ ਵਿਆਪਕ ਯੋਜਨਾ ਪਹਿਲਾਂ ਤੋਂ ਹੀ ਤਿਆਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਅੱਗੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਮਾਮਲੇ ਵਿੱਚ ਫਿਜ਼ੀਕਲ ਵੈਰੀਫਿਕੇਸ਼ਨ ਨੂੰ ਯਕੀਨੀ ਬਣਾਉਂਦਿਆਂ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਸਖ਼ਤ ਨਜ਼ਰ ਰੱਖਣ ਲਈ ਕਿਹਾ।
ਸ਼੍ਰੀਮਤੀ ਗਿੱਲ ਨੇ ਕਿਹਾ ਕਿ ਰਿਮੋਟ ਸੈਂਸਿੰਗ ਸੈਟੇਲਾਈਟ ਰਾਹੀਂ ਸਖ਼ਤ ਚੌਕਸੀ ਵੀ ਰੱਖੀ ਜਾ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਦੋਸ਼ੀ ਵਿਅਕਤੀ ਕਾਰਵਾਈ ਤੋਂ ਬਚ ਨਾ ਸਕੇ । ਉਨ੍ਹਾਂ ਕਿਹਾ ਕਿ ਸੈਟੇਲਾਈਟ ਰਾਹੀਂ ਉਸ ਜਗ੍ਹਾ ਦਾ ਪਤਾ ਲਗਾਇਆ ਜਾਵੇਗਾ ਜਿੱਥੇ ਝੋਨੇ ਦੀ ਪਰਾਲੀ ਨੂੰ ਸਾੜਿਆ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਵਿੱਚ ਸ਼ਾਮਲ ਵਿਅਕਤੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।ਉਨ੍ਹਾਂ ਉਪ ਮੰਡਲ ਮੈਜਿਸਟਰੇਟ ਅਫ਼ਸਰਾਂ ਨੂੰ ਕਿਹਾ ਕਿ ਕੇਵਲ ਉਹੀ ਕੰਬਾਈਨਾਂ ਜ਼ਿਲ੍ਹੇ 'ਚ ਚੱਲ ਸਕਣਗੀਆਂ ਜੋ ਸੁਪਰ ਐਸ.ਐਮ.ਐਸ. ਤਕਨੀਕ ਨਾਲ ਲੈਸ ਹੋਣਗੀਆਂ ।ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।