ਟਰੂਡੋ ਦੇ ਫੋਕੇ ਵਾਅਦਿਆਂ ਦੀ ਕੀਮਤ ਅਦਾ ਕਰ ਰਹੇ ਹਨ ਸਰੀ ਦੇ ਲੋਕ- ਸੋਨੀਆ ਆਂਧੀ, ਅਵਨੀਤ ਜੌਹਲ
ਟਰੂਡੋ ਦੀ ਅਗਵਾਈ ਵਿਚ ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ
ਹਰਦਮ ਮਾਨ
ਸਰੀ, 15 ਸਤੰਬਰ 2021- ਕੈਨੇਡਾ ਦੇ ਲੋਕ ਹੁਣ ਸਮਝਣ ਲੱਗ ਪਏ ਹਨ ਕਿ ਕੈਨੇਡਾ ਦਾ ਬਿਹਤਰ ਭਵਿੱਖ ਐਨਡੀਪੀ ਆਗੂ ਜਗਮੀਤ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਨਾਲ ਹੀ ਸੰਭਵ ਹੋ ਸਕਦਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸਰੀ ਸੈਂਟਰ ਤੋਂ ਐਨਡੀਪੀ ਉਮੀਦਵਾਰ ਸੋਨੀਆ ਆਂਧੀ ਨੇ ਕਿਹਾ ਕਿ ਛੇ ਸਾਲਾਂ ਤੋਂ ਜਸਟਿਨ ਟਰੂਡੋ ਨੂੰ ਬੜੀਆਂ ਲੋਕਪੱਖੀ ਗੱਲਾਂ ਕਹਿੰਦੇ ਹੋਏ ਸੁਣਿਆ ਤਾਂ ਹੈ ਪਰ ਉਨ੍ਹਾਂ ਅਮਲੀ ਰੂਪ ਵਿਚ ਕੁਝ ਨਹੀਂ ਕੀਤਾ। ਨਤੀਜੇ ਵਜੋਂ ਜਸਟਿਨ ਟਰੂਡੋ ਦੀ ਨਿਗਰਾਨੀ ਹੇਠ ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਦੁੱਗਣੀਆਂ ਹੋ ਗਈਆਂ ਹਨ ਪਰ ਮਕਾਨ ਸੰਕਟ ਨਾਲ ਨਜਿੱਠਣ ਦੇ ਆਪਣੇ ਵਾਅਦੇ ਨੂੰ ਨਿਭਾਉਣ ਦੀ ਬਜਾਏ, ਟਰੂਡੋ ਨੇ ਸੱਟੇਬਾਜ਼ਾਂ ਨੂੰ ਅਮੀਰ ਬਣਾਉਣ ਵਿੱਚ ਸਹਾਇਤਾ ਕੀਤੀ ਹੈ ਅਤੇ ਇਸ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਸਿਰਫ ਛੇ ਸਾਲਾਂ ਵਿੱਚ, ਸਰੀ ਅਤੇ ਵ੍ਹਾਈਟ ਰੌਕ ਵਿੱਚ ਇੱਕ ਘਰ ਦੀ ਬੈਂਚਮਾਰਕ ਕੀਮਤ ਜੋ ਅਕਤੂਬਰ 2015 ਵਿੱਚ 539,050 ਡਾਲਰ ਸੀ, ਅੱਜ 1,077,325 ਡਾਲਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਐਨਡੀਪੀ ਸਰਕਾਰ ਬਣਨ ਤੇ ਵੱਡੇ ਅਮੀਰਾਂ ਵੱਲੋਂ ਘਰਾਂ ਨੂੰ ਫਲਿੱਪ ਕਰਕੇ ਵੱਡੇ ਮੁਨਾਫ਼ੇ ਕਮਾਉਣ ਉਪਰ ਸ਼ਿਕੰਜਾ ਕਸਿਆ ਜਾਵੇਗਾ। ਸੋਨੀਆ ਆਂਧੀ ਨੇ ਕਿਹਾ ਕਿ ਹੁਣ ਲੋਕਾਂ ਨੇ ਚੋਣ ਕਰਨੀ ਹੈ ਕਿ ਕੌਣ ਲੋਕਾਂ ਲਈ ਲੜਦਾ ਹੈ ਅਤੇ ਲੋਕਾਂ ਲਈ ਘਰ ਲੈਣਾ ਸੌਖਾ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਓਟਵਾ ਵਿੱਚ ਜਗਮੀਤ ਸਿੰਘ ਦੀ ਤਾਕਤ ਵਿਚ ਵਾਧਾ ਕਰਨਾ ਚਾਹੁੰਦੀ ਹਾਂ ਤਾਂ ਜੋ ਸਾਰਿਆਂ ਦੇ ਬਿਹਤਰ ਭਵਿੱਖ ਦੀ ਲੜਾਈ ਲੜੀ ਜਾ ਸਕੇ ਨਾ ਕਿ ਸਿਰਫ ਅਮੀਰਾਂ ਦੀ।
ਸਰੀ ਨਿਊਟਨ ਤੋਂ ਐਨਡੀਪੀ ਉਮੀਦਵਾਰ ਅਵਨੀਤ ਜੌਹਲ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਦੇ ਰਿਹਾਇਸ਼ੀ ਸੰਕਟ ਦੀ ਉਦਾਹਰਣ ਵੈਨਕੂਵਰ ਦੇ ਇੱਕ ਲਿਬਰਲ ਉਮੀਦਵਾਰ ਨੇ ਪੇਸ਼ ਕਰ ਦਿੱਤੀ ਹੈ ਜਿਸ ਨੇ ਦਰਜਨਾਂ ਘਰ ਫਲਿਪ ਕੇ ਲੱਖਾਂ ਡਾਲਰ ਕਮਾਏ ਹਨ ਅਤੇ ਫੇਰ ਵੀ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਇਸ ਕਾਰਜ ਨੇ ਆਮ ਲੋਕਾਂ ਲਈ ਮਕਾਨਾਂ ਦੀਆਂ ਕੀਮਤਾਂ ਵਧਾਉਣ ਵਿੱਚ ਯੋਗਦਾਨ ਪਾਇਆ ਹੈ। ਜੌਹਲ ਨੇ ਕਿਹਾ ਕਿ ਸਰੀ ਦੇ ਲੋਕਾਂ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਜਸਟਿਨ ਟਰੂਡੋ ਰਿਹਾਇਸ਼ੀ ਸੰਕਟ ਬਾਰੇ ਕੁਝ ਕਰਨਗੇ ਕਿਉਂਕਿ ਉਹ ਤਾਂ ਆਪਣੇ ਉਮੀਦਵਾਰ ਵੱਲੋਂ ਘਰ ਫਲਿਪ ਕਰਕੇ ਕੀਤੇ ਲੋਕ ਵਿਰੋਧ ਕੰਮ ਦਾ ਖੰਡਨ ਵੀ ਨਹੀਂ ਕਰਦੇ। ਪਿਛਲੇ ਛੇ ਸਾਲਾਂ ਦੇ ਅਰਸੇ ਦੌਰਾਨ ਸਰੀ ਦੇ ਲੋਕਾਂ ਦੇ ਪੱਲੇ ਸਿਰਫ ਫੋਕੇ ਵਾਅਦੇ ਹੀ ਪਏ ਹਨ। ਉਨ੍ਹਾਂ ਐਲਾਨ ਕੀਤਾ ਕਿ ਆਮ ਲੋਕਾਂ ਦੀ ਕੀਮਤ ਉਪਰ ਵੱਡੇ ਅਮੀਰ ਲੋਕਾਂ ਦੀ ਰੱਖਿਆ ਲਈ ਟਰੂਡੋ ਦੀ ਕੰਜ਼ਰਵੇਟਿਵਾਂ ਨਾਲ ਗੰਢਤੁੱਪ ਸਫਲ ਨਹੀਂ ਹੋਣ ਦੇਵਾਂਗੇ।