ਮੋਰਚਾ ਮਜ਼ਬੂਤ ਕਰਨ ਤੇ ਭਾਰਤ ਬੰਦ ਦੀ ਸਫਲਤਾ ਲਈ ਮੀਟਿੰਗਾਂ ਕੀਤੀਆਂ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ2021: ਦਿੱਲੀ ਮੋਰਚਾ ਨੂੰ ਮਜਬੂਤ ਕਰਨ ਅਤੇ 27 ਸਤੰਬਰ ਦੇ ਭਾਰਤ ਬੰਦ ਦੀ ਤਿਆਰੀ ਲਈ ਕਿਸਾਨਾਂ ਨਾਲ ਪਿੰਡ ਆਲੀਕੇ ਅਤੇ ਪਿਥੋ ਵਿਖੇ ਕਿਸਾਨਾਂ ਦੀਆਂ ਮੀਟਿੰਗਾਂ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਸਰਕਾਰ ਚਲ ਰਹੇ ਕਿਸਾਨ ਅੰਦੋਲਨ ਵਿੱਚ ਲਗਭਗ ਸੱਤ ਸੌ ਕਿਸਾਨਾਂ ਦੀਆਂ ਸ਼ਹੀਦੀਆਂ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਅਣਮਨੁੱਖੀ ਰਵੱਈਆ ਅਪਣਾਇਆ ਅਤੇ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੰਬਾ ਸਮਾਂ ਇਹ ਰਵੱਈਆ ਨਹੀਂ ਚੱਲ ਸਕਦਾ ਕਿਉਂਕਿ ਹੁਣ ਪੂਰੇ ਦੇਸ਼ ਦਾ ਕਿਸਾਨ, ਮਜਦੂਰ, ਵਪਾਰੀ ਅਤੇ ਆਮ ਲੋਕ ਜਾਗ ਚੁਕਿਆ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਸਬੂਤ ਬੀਤੇ ਦਿਨੀਂ ਮੁਜੱਫਰਨਗਰ ਵਿਖੇ ਹੋਈ ਕਿਸਾਨ ਮਹਾਂਪੰਚਾਇਤ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਲੱਖਾਂ ਲੋਕ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਇਕੱਠ ਅਤੇ ਕਰਨਾਲ ਵਿਖੇ ਮੋਰਚਾ ਲਾਉਣ ਉਪਰੰਤ ਖੱਟੜ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਨ ਨੂੰ ਦੇਖਦਿਆਂ ਮੋਦੀ ਸਰਕਾਰ ਨੂੰ ਹੁਣ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿੱਚ ਚਲ ਰਹੇ ਕਿਸਾਨ ਧਰਨਿਆਂ ਬਾਰੇ ਦਿੱਤੇ ਬਿਆਨ ਦੀ ਨਿੰਦਾ ਕਰਦਿਆਂ ਬਰਾੜ ਨੇ ਦੋਸ਼ ਲਾਇਆ ਕਿ ਕੈਪਟਨ ਦੇ ਇਸ ਬਿਆਨ ਤੋਂ ਸਾਫ ਜਾਹਰ ਹੈ ਕਿ ਉਹ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੀ ਬੋਲੀ ਬੋਲ ਰਿਹਾ ਹੈ ਅਤੇ ਉਹਨਾਂ ਨਾਲ ਮਿਲ ਕੇ ਕਿਸਾਨ ਸ਼ੰਘਰਸ਼ ਨੂੰ ਖਤਮ ਕਰਾਉਣ ਲਈ ਸ਼ਾਜਿਸ਼ਾਂ ਘੜੀਆਂ ਜਾ ਰਹੀਆਂ ਹਨ ।
ਉਨ੍ਹਾਣ ਕਿਹਾ ਕਿ ਪੰਜਾਬ ਦਾ ਆਰਥਿਕ ਨੁਕਸਾਨ ਅੰਦੋਲਨ ਨਾਲ ਨਹੀਂ ਸਗੋਂ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਅਤੇ ਰਾਜਨੀਤਕ ਲੋਕਾਂ ਦੁਆਰਾ ਟਰਾਂਸਪੋਰਟ, ਰੇਤਾ ਬੱਜਰੀ, ਸ਼ਰਾਬ ਮਾਫੀਆ ਬਣਾ ਸਰਕਾਰੀ ਖਜਾਨੇ ਦੀ ਅੰਨ੍ਹੀ ਲੁੱਟ ਕਰ ਕੇ ਕੀਤਾ ਜਾ ਰਿਹਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਖੁੱਸਦੀ ਦੇਖਕੇ ਨਜ਼ਰ ਨਹੀਂ ਆ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿਖੇ ਚਲ ਰਹੇ ਕਿਸਾਨ ਅੰਦੋਲਨ ਨੂੰ ਮਜਬੂਤ ਕਰਨ ਅਤੇ ਕਾਫਲੇ ਬਣਾ ਕੇ ਦਿੱਲੀ ਮੋਰਚਿਆ ਤੇ ਪਹੁੰਚਣ ਅਤੇ 27 ਸਤੰਬਰ ਦੇ ਭਾਰਤ ਬੰਦ ਦੀ ਤਿਆਰੀ ਲਈ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਤੇਜ ਕੀਤੀਆਂ ਜਾਣ ।ਇਸ ਸਮੇਂ ਹਰਨੇਕ ਸਿੰਘ ਆਲੀਕੇ ਜਿਲ੍ਹਾ ਪ੍ਰਧਾਨ ਕਿਸਾਨ ਸਭਾ ਬਠਿੰਡਾ ,ਜੀਤਾ ਸਿੰਘ ਪਿੱਥੋ, ਧਰਮ ਸਿੰਘ ,ਜੀਤ ਸਿੰਘ ਆਲੀਕੇ ਅਤੇ ਮੰਦਰ ਸਿੰਘ ਵੀ ਹਾਜਰ ਸਨ।