ਵੱਖ ਵੱਖ ਮੁੱਦਿਆਂ ਨੂੰ ਲੈ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2021- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਵਾਈ ਹੇਠ ਵਿਦਿਆਰਥੀਆਂ ਨੇ ਸੂਬਾ ਪੱਧਰੀ ਸੱਦੇ ਤਹਿਤ ਡਿਪਟੀ ਕਮਿਸ਼ਨਰ ਦਫਤਰ ਬਠਿੰਡਾ ਵੱਲ ਰੋਸ ਮਾਰਚ ਕਰਕੇ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ, 1.50 ਲੱਖ ਤੱਕ ਦੇ ਵਿਦਿਆਰਥੀਆਂ ਦੀ ਫੀਸ ਮੁਆਫ ਅਤੇ ਪੀ ਟੀ ਏ ਫੰਡ ਬੰਦ ਕਰਵਾਉਣ,ਪੱਕੇ ਪ੍ਰੋਫੈਸਰ ਭਰਤੀ ਕਰਵਾਉਣ ਆਦਿ ਮੰਗਾਂ ਨੂੰ ਲੈ ਕਿ ਡਿਪਟੀ ਕਮਿਸ਼ਨਰ ਰਹੀ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ । ਇਸ ਮੌਕੇ ਪੀ ਐੱਸ ਯੂ ਦੇ ਜ਼ਿਲ੍ਹਾ ਆਗੂ ਰਜਿੰਦਰ ਢਿਲਵਾਂ ਅਤੇ ਹਰਜਿੰਦਰ ਹੈਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਅਤੇ 1.50 ਲੱਖ ਤੱਕ ਆਮਦਨ ਵਾਲੇ ਜਨਰਲ ਅਤੇ ਓ ਬੀ ਸੀ ਵਿਦਿਆਰਥੀਆਂ ਦੀ ਫੀਸ ਮੁਆਫ਼ ਹੈ ।
ਉਨ੍ਹਾਂ ਕਿਹਾ ਕਿ ਫਿਰ ਵੀ ਇਸ ਸਕੀਮ ਨੂੰ ਛਿੱਕੇ ਟੰਗ ਕੇ ਦਲਿਤ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਦੇ ਰੂਪ ’ਚ ਅਤੇ ਜਨਰਲ, ਓ ਬੀ ਸੀ ਵਿਦਿਆਰਥੀਆਂ ਤੋਂ ਪੂਰੀ ਫੀਸ ਭਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਪੀ ਟੀ ਏ ਫੰਡ ਵਿਦਿਆਰਥੀ ਭਲਾਈ ਫੰਡ ਕਹਿ ਕੇ ਸ਼ੁਰੂ ਕੀਤਾ ਗਿਆ ਸੀ ਸਰਕਾਰ ਉਸ ਚੋਂ ਪ੍ਰੋਫੈਸਰਾਂ ਨੂੰ ਤਨਖਾਹ ਦੇ ਰਹੀ ਹੈ ਤੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸਰਕਾਰੀ ਕਾਲਜਾਂ ’ਚ ਪਿਛਲੇ 25 ਸਾਲਾਂ ਤੋਂ ਬੰਦ ਲੈਕਚਰਾਰਾਂ ਦੀ ਪੱਕੀ ਭਰਤੀ ਕਰਨੀ ਚਾਹੀਦੀ ਹੈ ਤਾਂ ਕੇ ਵਿਦਿਆਰਥੀਆਂ ਦੇ ਸਰ ਤੋਂ ਪੀਟੀਏ ਫੰਡ ਦਾ ਬੋਝ ਉਤਰੇ ਅਤੇ ਸਾਡੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ।
ਪੀ.ਐੱਸ.ਯੂ ਦੇ ਆਗੂ ਮਨਦੀਪ ਬਾਜਾਖਾਨਾ, ਨਿਖਿਲ ਅਜਾਦ ਅਤੇ ਹਰਪ੍ਰੀਤ ਕੋਟ ਫੱਤਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਚ ਆਉਣ ਲਈ ਹਰ ਵਰਗ ਦੀਆਂ ਲੜਕੀਆਂ ਲਈ ਪੀ ਐੱਚ ਡੀ ਤੱਕ ਮੁਫ਼ਤ ਸਿੱਖਿਆ ਦਾ ਵਾਅਦਾ ਕੀਤਾ ਸੀ ਵਿਧਾਨ ਸਭਾ ਵਿੱਚ ਮਤਾ ਪਾਉਣ ਤੋਂ ਬਾਅਦ ਵੀ ਗੱਲ ਅੱਗੇ ਨਹੀਂ ਤੋਰੀ। ਉਨ੍ਹਾਂ ਕਿਹਾ ਕਿ ਇਸ ਸਕੀਮ ਲਈ ਲੋੜੀਂਦਾ ਬਜ਼ਟ ਪਾਸ ਕਰਕੇ ਇਸ ਨੂੰ ਸਕੀਮ ਦੇ ਰੂਪ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਸਾਡੀਆਂ ਸ਼ਹੀਦੀ ਵਿਰਾਸਤਾਂ ਨੂੰ ਰੋਲਿਆ ਜਾ ਰਿਹਾ ਹੈ ਤੇ ਸੁੰਦਰੀਕਰਨ ਦੇ ਨਾਮ ਤੇ ਦਿੱਖ ਵਿਗਾੜੀ ਜਾ ਰਹੀ ਜਿਸ ਵਿੱਚ ਅੱਜ ਸਾਡਾ ਜਲਿ੍ਹਆਂਵਾਲਾ ਬਾਗ਼ ਮੁੱਖ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਸ ਦੀ ਇਤਿਹਾਸਕ ਦਿੱਖ ਬਿਲਕੁੱਲ ਤਬਦੀਲ ਕਰਕੇ ਇਕ ਪਿਕਨਿਕ ਸਪਾਟ ਬਣਾ ਦਿੱਤਾ ਗਿਆ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਜਲਿ੍ਹਆਂਵਾਲਾ ਵਾਲਾ ਬਾਗ਼ ਦਾ ਅਸਲ ਸਰੂਪ ਬਹਾਲ ਕਰਨ ਦੀ ਮੰਗ ਕੀਤੀ।ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਇਹ ਮੰਗਾਂ ਜਲਦ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਮੰਗਾਂ ਲਈ ਵੱਡੀ ਪੱਧਰ ਤੇ ਤਿੱਖਾ ਸੰਘਰਸ਼ ਵਿੱਢੇਗੀ। ਇਸ ਮੌਕੇ ਜਗਜੀਤ ਸਿੰਘ,ਓਪਿੰਦਰ ਮਾਈਸਰਖਾਨਾ,ਗਗਨ ਮੱਲ ਵਾਲਾ,ਕਰਨਵੀਰ ਕੋਟ ਭਾਰਾ,ਬਿਕਰਮ ਸਿੰਘ,ਗੁਰਤੇਜ ਕੋਠਾ ਗੁਰੂ,ਯੂਸਫ ਖਾਨ ਅਤੇ ਅਨਮੋਲ ਆਦਿ ਵੀ ਸ਼ਾਮਲ ਸਨ।