ਬੇਅਦਬੀ ਘਟਨਾ ਦੇ ਬਾਵਜੂਦ ਡਾ.ਚੀਮਾ ਨੂੰ ਟਿਕਟ ਮਿਲਣ ਤੇ ਸਮਰਥਕਾਂ ਨੇ ਲੱਡੂ ਵੰਡ ਕੇ ਸ਼ਰਮਨਾਕ ਕਾਰਾ ਕੀਤਾ– ਦਵਿੰਦਰ ਬਾਜਵਾ
ਕਿਹਾ, ਡਾ. ਚੀਮਾ ਦੇ ਸਮਰਥਕਾਂ ਨੇ ਆਪਣੀ ਜ਼ਮੀਰ ਮਾਰ ਲਈ
ਰੂਪਨਗਰ, 15 ਸਤੰਬਰ 2021- ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਪ੍ਧਾਨ ਤੇ ਸਮਾਜਸੇਵੀ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਨਾਲ ਇੱਕ ਪਾਸੇ ਪੂਰੇ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਤੇ ਹੋਰ ਸਾਰੇ ਧਰਮਾਂ ਦੇ ਲੋਕਾਂ ਨੇ ਵੱਡਾ ਦੁੱਖ ਪ੍ਰਗਟ ਕੀਤਾ ਹੈ, ਦੂਜੇ ਪਾਸੇ ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੂੰ ਪਾਰਟੀ ਟਿਕਟ ਮਿਲਣ ਦੀ ਖੁਸ਼ੀ ਵਿਚ ਸਮਰਥਕਾਂ ਖੁਦ ਸਿੱਖ ਹੁੰਦੇ ਹੋਏ ਵੀ ਲੱਡੂ ਵੰਡ ਕੇ ਗੁਰੂ ਸਾਹਿਬ ਦੀ ਬੇਅਦਬੀ ਦੇ ਬਰਾਬਰ ਹੀ ਸ਼ਰਮਨਾਕ ਕਾਰਨਾਮਾ ਕੀਤਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ, ਅਜਿਹੇ ਮੌਕੇ ਲੱਡੂ ਵੰਡ ਕੇ ਖੁਸ਼ੀ ਮਨਾਉਣ ਨਾਲ ਸਿੱਖ ਕੌਮ ਨੂੰ ਭਾਰੀ ਨਮੋਸ਼ੀ ਵੀ ਹੋਈ ਹੈ। ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਨਾਲ ਪੂਰੇ ਵਿਸ਼ਵ ਭਰ ਵਿਚ ਰੋਸ ਦੀ ਲਹਿਰ ਹੈ ਅਤੇ ਕਈ ਥਾਵਾਂ ਤੇ ਬਜ਼ਾਰ ਬੰਦ ਕਰਕੇ ਵੀ ਰੋਸ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖਦਈ ਘਟਨਾ ਹੋਣ ਦੇ ਬਾਵਜੂਦ ਰੋਪਡ਼ ਵਿਖੇ ਡਾਕਟਰ ਚੀਮਾ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਸਮੂਹ ਸਿੱਖ ਕੌਮ ਦਾ ਸਿਰ ਨੀਂਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਡਾਕਟਰ ਚੀਮਾ ਦੇ ਸਮਰਥਕਾਂ ਨੇ ਡਾ.ਚੀਮਾ ਨੂੰ ਟਿਕਟ ਮਿਲਣ ਦੀ ਖੁਸ਼ੀ ਵਿਚ ਬੇਅਦਬੀ ਦੀ ਘਟਨਾ ਨੂੰ ਭੁਲਾ ਕੇ ਆਪਣੀ ਜ਼ਮੀਰ ਮਾਰ ਲਈ ਹੈ, ਇਸ ਤੋਂ ਸਾਫ ਹੈ ਕਿ ਰੋਪੜ ਵਿੱਚ ਡਾਕਟਰ ਚੀਮਾ ਦੇ ਸਮਰਥਕ ਸਿੱਖ ਕੌਮ ਦੇ ਭਲੇ ਲਈ ਕਿੰਨੇ ਜਿੰਮੇਵਾਰ ਹਨ। ਬਾਜਵਾ ਨੇ ਕਿਹਾ ਡਾ਼ ਚੀਮਾ ਦੇ ਸਮਰਥਕਾਂ ਨੂੰ ਬੇਅਦਬੀ ਘਟਨਾ ਦੇ ਬਾਵਜੂਦ ਲੱਡੂ ਵੰਡਣ ਤੇ ਗੁਰੂ ਸਾਹਿਬ ਅੱਗੇ ਆਪਣੀ ਭੁੱਲ ਬਖਸ਼ਾਉਣੀ ਚਾਹੀਦਾ ਹੈ ਅਤੇ ਸਮੂਹ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ।