ਪਰਾਲੀ ਦੇ ਪ੍ਰਬੰਧਨ ਲਈ ਕਰਵਾਈ ਕਿਸਾਨ ਸਾਇੰਸਦਾਨ ਗੋਸ਼ਟੀ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ, 15 ਸਤੰਬਰ 2021 - ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਤੇ ਸਿਖਲਾਈ) ਡਾ. ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਆਤਮਾ ਸਕੀਮ ਤਹਿਤ ਪਰਾਲੀ ਦੇ ਪ੍ਰਬੰਧਨ ਸਬੰਧੀ ਕਿਸਾਨ ਸਾਇੰਸਦਾਨ ਗੋਸ਼ਟੀ ਕਰਵਾਈ ਗਈ।
ਇਸ ਗੋਸ਼ਟੀ ਵਿੱਚ ਸੰਯੁਕਤ ਡਾਇਰੈਕਟਰ ਖੇਤੀਬਾੜੀ (ਹਾਈਡਰੋਲੋਜੀ), ਕਿ੍ਰਸ਼ੀ ਵਿਗਿਆਨ ਕੇਂਦਰ ਮਾਜਰੀ ਦੇ ਸਾਇੰਸਦਾਨਾਂ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਬਾਗਬਾਨੀ ਵੱਲੋਂ ਭਾਗ ਲਿਆ। ਪਰਾਲੀ ਦੇ ਪ੍ਰਬੰਧਨ ਲਈ ਸਟੇਕ ਹੋਲਡਰਾਂ ਵੱਲੋਂ ਪਰਾਲੀ ਦੀਆਂ ਗੱਠਾਂ ਤਿਆਰ ਕਰਨ ਲਈ ਸੁਪਰ ਐਸ.ਐਮ.ਐਸ. ਤੋਂ ਛੋਟ ਅਤੇ ਪਰਾਲੀ ਦੀਆਂ ਗੱਠਾਂ ਦੀ ਢੋਆ-ਢੁਆਈ ਸਬੰਧੀ ਆਪਣੀ ਰਾਏ ਦਿੱਤੀ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਸੁਪਰ ਐਸ.ਐਮ.ਐਸ. ਦੀ ਥਾਂ ਰੋਟਾਵੇਟਰ ਦੀ ਸਪਲਾਈ ਸਬਸਿਡੀ ਉਤੇ ਕਰਨ ਲਈ ਅਪੀਲ ਕੀਤੀ। ਕਿਸਾਨਾਂ ਵੱਲੋਂ ਹੈੈਪੀ ਸੀਡਰ ਦੇ ਫਾਇਦੇ ਅਤੇ ਚੂਹਿਆਂ ਤੋਂ ਹੋਣ ਵਾਲੀਆਂ ਔਕੜਾਂ ਬਾਰੇ ਸਾਇੰਸਦਾਨਾਂ ਨੂੰ ਜਾਣੂੰ ਕਰਵਾਇਆ।
ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਹੈਪੀ ਸੀਡਰ ਨਾਲ ਕਣਕ ਦੇ ਬੂਟੇ ਡਿੱਗਦੇ ਨਹੀਂ ਅਤੇ ਨਮੀ ਵੀ ਸਾਂਭੀ ਰਹਿੰਦੀ ਹੈ ਪਰ ਕੁਝ ਥਾਵਾਂ ਉਤੇ ਸੁੰਡੀ ਦਾ ਹਮਲਾ ਅਤੇ ਚੂਹਿਆਂ ਕਾਰਨ ਕਿਸਾਨਾਂ ਨੂੰ ਬੀਜ ਦੀ ਮਾਤਰਾ ਵਧਾਉਣੀ ਪੈਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸੁਸਾਇਟੀਆਂ ਰਾਹੀਂ ਵੱਧ ਤੋਂ ਵੱਧ ਰੈਕਰ ਬੇਲਰ ਸਬਸਿਡੀ ਉਤੇ ਦਿੱਤੇ ਜਾਣ ਤਾਂ ਜੋ ਪਰਾਲੀ ਦੀਆਂ ਗੱਠਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਇਸ ਮੌਕੇ ਡਾ. ਹਰਮੀਤ ਕੌਰ ਸਾਇੰਸਦਾਨ ਨੇ ਝੋਨੇ ਦੀਆਂ ਬਿਮਾਰੀਆਂ, ਕੀਟ ਦੇ ਹਮਲੇ ਤੋਂ ਬਚਾਅ ਅਤੇ ਮਿੱਤਰ ਕੀੜਿਆਂ ਦੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਡਾ. ਸਸੀਪਾਲ ਨੇ ਪਸ਼ੂਆਂ ਦੀ ਸੰਭਾਲ ਲਈ ਅਤੇ ਮੂੰਹ ਖੁਰ ਤੇ ਮਾਈਟਾਈਟਿਸ ਬਿਮਾਰੀਆਂ ਤੋਂ ਪਸ਼ੂਆਂ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ, ਬਾਰੇ ਦੱਸਿਆ। ਡਾ. ਵਿਕਾਸ ਫੂਲੀਆ ਨੇ ਮੱਛੀ ਪਾਲਣ ਅਧੀਨ ਖੁਰਾਕ, ਹਾਰਵੈਸਟਿੰਗ ਅਤੇ ਮੰਡੀਕਰਨ ਬਾਰੇ ਕਿਸਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਅਪੀਲ ਕੀਤੀ ਕਿ ਡੀ.ਏ.ਪੀ. ਖਾਦ ਲਈ ਮਾਰੋ-ਮਾਰ ਨਾ ਕੀਤੀ ਜਾਵੇ, ਸਿਰਫ਼ ਆਲੂ ਕਾਸ਼ਤਕਾਰ ਹੀ ਇਸ ਖਾਦ ਨੂੰ ਪਹਿਲ ਦੇ ਤੌਰ ਉਤੇ ਲੈਣ ਅਤੇ ਡੀਲਰਾਂ ਨੂੰ ਵੀ ਤਾੜਨਾ ਕੀਤੀ ਗਈ ਕਿ ਖਾਦ ਨਾਲ ਕੋਈ ਹੋਰ ਸਾਮਾਨ ਖਰੀਦਣ ਲਈ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਅਤੇ ਡੀ.ਏ.ਪੀ. ਖਾਦ ਦਾ ਪੂਰਾ ਲੇਖਾ-ਜੋਖਾ ਰੱਖਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜਲਦ ਹੀ ਭਾਰਤ ਸਰਕਾਰ ਵੱਲੋਂ ਡੀ.ਏ.ਪੀ. ਦੀ ਸਪਲਾਈ ਯਕੀਨੀ ਹੋਣ ਦੀ ਆਸ ਹੈ, ਇਸ ਲਈ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਉਤੇ ਵਿਸ਼ਵਾਸ ਨਾ ਕੀਤਾ ਜਾਵੇ। ਗੋਸ਼ਟੀ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਖਰੜ, ਮਾਜਰੀ, ਡੇਰਾਬਸੀ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਆਤਮਾ ਸਟਾਫ਼ ਨੇ ਹਿੱਸਾ ਲਿਆ।