ਸਕੂਲ ਸਿੱਖਿਆ ਸਕੱਤਰ ਦੀ ਬਠਿੰਡਾ ਫੇਰੀ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ
ਅਸ਼ੋਕ ਵਰਮਾ
ਬਠਿੰਡਾ,15 ਸਤੰਬਰ 2021: ਸਾਂਝਾ ਅਧਿਆਪਕ ਮੋਰਚਾ, ਪੰਜਾਬ ਅਤੇ ਸੰਯੁਕਤ ਅਧਿਆਪਕ ਫਰੰਟ ਦੇ ਸੂਬਾਈ ਸੱਦੇ ਅਨੁਸਾਰ ਅੱਜ ਸਿੱਖਿਆ ਸਕੱਤਰ ਦੀ ਬਠਿੰਡਾ ਜਿਲ੍ਹੇ ਦੀ ਫੇਰੀ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਅਤੇ ਸਿੱਖਿਆ ਸਕੱਤਰ ਭਜਾਓ-ਸਿੱਖਿਆ ਬਚਾਓ ਨਾਅਰੇ ਲਾਏ ਅਧਿਆਪਕਾਂ ਨੇ ਰੋਸ ਜਤਾਇਆ ਕਿ ਪੰਜਾਬ ਸਰਕਾਰ ਦੀ ਸ਼ਹਿ ‘ਤੇ ਜਨਤਕ ਸਿੱਖਿਆ ਦਾ ਮੁਕੰਮਲ ਉਜਾੜਾ ਕਰਨ, ਸਿੱਖਿਆ ਨੂੰ ਮਹਿਜ ਝੂਠੇ ਅੰਕੜਿਆਂ ਤਕ ਸੀਮਤ ਰੱਖਣ ਅਤੇ ਅਧਿਆਪਕਾਂ ਦੇ ਮੰਗਾਂ-ਮਸਲੇ ਲਟਕਾਉਣ ਵਾਲੇ ਸਿੱਖਿਆ ਸਕੱਤਰ ਦਾ ਵਿਰੋਧ ਜਾਰੀ ਰੱਖਿਆ ਜਾਏਗਾ। ਇਸ ਮੌਕੇ ਅਧਿਆਪਕਾਂ ਦੇ ਜਿਲ੍ਹਾ ਆਗੂ ਰੇਸ਼ਮ ਸਿੰਘ ਖੇਮੂਆਣਾ , ਵਿਕਾਸ ਗਰਗ ਰਾਮਪੁਰਾ ,ਰਾਜਵੀਰ ਮਾਨ,ਨਵਚਰਨਪ੍ਰੀਤ ,ਮੱਖਣ ਸਿੰਘ, ਜਗਪਾਲ ਬੰਗੀ ਅਤੇ ਸਿਕੰਦਰ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਆਗੂਆਂ ਦੀਆਂ ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਦੇ ਅਧਿਆਪਕ ਪੱਖੀ ਫੈਸਲਿਆਂ ਅਨੁਸਾਰ ਮਸਲੇ ਹੱਲ ਕਰਨ ਵਿੱਚ ਸਿੱਖਿਆ ਸਕੱਤਰ ਨੇ ਅੜੀਅਲ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾਲ ਅਧਿਆਪਕ ਜਥੇਬੰਦੀਆਂ ਦੀ ਬਣੀ ਸਹਿਮਤੀ ਅਨੁਸਾਰ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਰੱਦ ਕਰਨ ਦੀ ਥਾਂ ਅਧਿਆਪਕਾਂ ਨੂੰ ਮੁੜ ਤੋਂ ਵਿਕਟੇਮਾਈਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਅਸਲ ਸਿੱਖਿਆ ਤੇ ਪਾਠਕ੍ਰਮ ਦੇ ਤੱਤ ਰੂਪ ਨੂੰ ਖੂਹ ਖਾਤੇ ਪਾ ਕੇ, ਆਪੇ ਖੜ੍ਹੇ ਕੀਤੇ ਗ਼ੈਰਸੰਵਿਧਾਨਕ ਢਾਂਚੇ ਰਾਹੀਂ ਕੇਵਲ ਨੈਸ਼ਨਲ ਅਚੀਵਮੈਂਟ ਸਰਵੇ ਦੀ ਰਾਜਨੀਤਿਕ ਮੁਫਾਦ ਦੀ ਤਿਆਰੀ ਅਤੇ ਨਿੱਜੀਕਰਨ ਪੱਖੀ ਆਨਲਾਈਨ ਸਿੱਖਿਆ ਵਿੱਚ ਅਧਿਆਪਕ ਤੇ ਵਿਦਿਆਰਥੀ ਮਾਨਸਿਕ ਪ੍ਰੇਸ਼ਾਨੀ ਦੀ ਸਿਖਰ ਤੱਕ ਝੋਕੇ ਜਾ ਰਹੇ ਹਨ। ਮੁਲਾਂਕਣ ਪ੍ਰਕਿਰਿਆ ਨੂੰ ਕੇਵਲ ਬਹੁਵਿਕਲਪੀ ਪ੍ਰਸ਼ਨਾਂ ਅਤੇ ਸਰਵੇ ਲਈ ਤਿਆਰੀ ਤਕ ਸੀਮਤ ਕਰਕੇ ਵਿਦਿਆਰਥੀਆਂ ਵਿਚੋਂ ਸਿਰਜਣਾਤਮਕ ਖ਼ਤਮ ਕੀਤੀ ਜਾ ਰਹੀ ਹੈ। ਬਦਲੀਆਂ, ਪੈਂਡਿੰਗ ਤਰੱਕੀਆਂ ਤੇ ਵਿਕਟੇਮਾਈਜੇਸ਼ਨਾਂ ਦੇ ਮਾਮਲੇ ਹੱਲ ਨਾ ਕਰਕੇ ਇੱਕ-ਇੱਕ ਪਿ੍ਰੰਸੀਪਲ, ਅਧਿਆਪਕ ਤੇ ਕਲਰਕ ਉੱਪਰ ਕਈ-ਕਈ ਸਕੂਲਾਂ ਦਾ ਭਾਰ ਪਾ ਕੇ ਹਜ਼ਾਰਾਂ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ-2020 ਨੂੰ ਲਾਗੂ ਕਰਕੇ ਕਾਰਪੋਰੇਟੀ ਮਾਡਲ ਖੜ੍ਹਾ ਕੀਤਾ ਜਾ ਰਿਹਾ ਹੈ।
ਅਧਿਆਪਕ ਆਗੂਆਂ ਵਿਕਾਸ ਗਰਗ, , ਬਲਜਿੰਦਰ ਸਿੰਘ ਅਤੇ ਰਾਜੇਸ਼ ਮੌਂਗਾ ਨੇ ਕਿਹਾ ਕਿ ਜਨਤਕ ਸਿੱਖਿਆ ਨੂੰ ਝੂਠੇ ਅੰਕੜਿਆਂ ਤੱਕ ਸੀਮਤ ਕਰਕੇ ਆਮ ਲੋਕਾਂ ਦੇ ਬੱਚਿਆਂ ਦੀ ਸਿੱਖਿਆ ਦਾ ਬੇੜਾ ਬਠਾਉਣ ਵਾਲੇ ਸਿੱਖਿਆ ਸਕੱਤਰ ਨੂੰ ਸਿੱਖਿਆ ਵਿਭਾਗ ‘ਚੋਂ ਹਟਾਇਆ ਜਾਵੇ। ਸਿੱਖਿਆ ਵਰਗੇ ਸੰਵੇਦਨਸ਼ੀਲ ਵਿਭਾਗ ਨੂੰ ਅਫਸਰਸ਼ਾਹੀ ਵਾਲੀ ਧੌਂਸ ਅਨੁਸਾਰ ਚਲਾਉਣ ਦੀ ਥਾਂ, ਸਿੱਖਿਆ ਦੇ ਮਨੋਵਿਗਿਆਨਕ ਨਿਯਮਾਂ ਅਨੁਸਾਰ ਚਲਾਇਆ ਜਾਵੇ। ਡੀ.ਪੀ.ਆਈ.ਜ਼, ਡਾਇਰੈਕਟਰਾਂ ਸਮੇਤ ਸਾਰੇ ਸਿੱਖਿਆ ਅਧਿਕਾਰੀ ਵਿਭਾਗ ਵਿੱਚੋਂ ਹੀ ਲਗਾਏ ਜਾਣ। ਨਵੀਂ ਭਰਤੀ ਅਤੇ ਤਰੱਕੀ ਪ੍ਰਕਿਰਿਆ ਰਾਹੀਂ ਅਧਿਆਪਕਾਂ ਦੀ ਵੱਡੀ ਕਮੀ ਦੂਰ ਕਰਨ, ਹਰੇਕ ਸਕੂਲ ਵਿੱਚ ਕਲਰਕ, ਸੇਵਾਦਾਰ ਆਦਿ ਦੀ ਭਰਤੀ ਕਰਕੇ ਅਧਿਆਪਕਾਂ ਦਾ ਬੋਝ ਘਟਾਉਣਾ, ਸਮੇਂ ਸਿਰ ਪਾਠ ਪੁਸਤਕਾਂ ਮੁਹੱਈਆ ਕਰਵਾਉਣਾ, ਬੀ.ਐਲ.ਓ. ਡਿਊਟੀਆਂ ਸਮੇਤ ਅਧਿਆਪਕਾਂ ਤੋਂ ਸਾਰੇ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨੇ ਚਾਹੀਦੇ ਹਨ।