ਮੌੜ ਮੰਡੀ ਵਿੱਚ ਮਹਾਰਾਜਾ ਅਗਰਸੇਨ ਜੀ ਦੀ ਮੂਰਤੀ ਤੋੜਨ ਕਾਰਨ ਅਗਰਵਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ: ਗਰਗ
ਦੀਪਕ ਜੈਨ
ਜਗਰਾਓਂ, 15 ਸਤੰਬਰ 2021 - ਮੌੜ ਮੰਡੀ ਵਿੱਚ ਅਗਰਵਾਲ ਸਮਾਜ ਦੇ ਸਰਪ੍ਰਸਤ ਮਹਾਰਾਜਾ ਅਗਰਸੇਨ ਜੀ ਦੀ ਮੂਰਤੀ ਨੂੰ ਢਾਹੁਣ ਕਾਰਨ ਅੱਗਰਵਾਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਅਗਰਸੈਨ ਸਮਿਤੀ (ਰਜਿ.) ਜਗਰਾਉਂ ਦੇ ਪ੍ਰਧਾਨ ਪਿਯੂਸ਼ ਗਰਗ ,ਚੇਅਰਮੈਨ ਅਮਿਤ ਸਿੰਗਲ ਅਤੇ ਜਨਰਲ ਸਕੱਤਰ ਕਮਲਦੀਪ ਬਾਂਸਲ ਸਮੇਤ ਸਾਰੇ ਮੈਂਬਰਾਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਹੇ। ਓਨਾ ਕਿਹਾ ਕਿ ਮੁਲਜ਼ਮਾਂ ਵੱਲੋਂ ਕੀਤੇ ਗਏ ਘਿਨਾਉਣੇ ਕਾਰਨਾਮੇ ਕਾਰਨ ਅਗਰਵਾਲ ਸਮਾਜ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌੜ ਮੰਡੀ ਵਿੱਚ ਕਮੇਟੀ ਦੇ ਸਕੱਤਰ ਸਮੇਤ ਹੋਰ ਦੋਸ਼ੀਆਂ ਨੇ ਮਹਾਰਾਜਾ ਅਗਰਸੇਨ ਦੇ ਬੁੱਤ ਨੂੰ ਢਾਹਕੇ ਅਗਰਵਾਲ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਸਮਿਤੀ ਦੇ ਸਾਰੇ ਅਹੁਦੇਦਾਰਾਂ ਨੇ ਮੁਖਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਕਮੇਟੀ ਦੇ ਉਕਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਮੌੜ ਮੰਡੀ ਥਾਣੇ ਦੀ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ' ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ, ਪਰ ਇਸ ਦੇ ਬਾਵਜੂਦ ਜਦੋਂ ਤੱਕ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਨਹੀਂ ਭੇਜਿਆ ਜਾਂਦਾ ਅਤੇ ਉਨ੍ਹਾਂ ਨੂੰ ਨੌਕਰੀਆਂ ਤੋਂ ਬਰਖਾਸਤ ਨਹੀਂ ਕੀਤਾ ਜਾਂਦਾ ਉਦੋਂ ਤਕ ਅੱਗਰਵਾਲ ਸਮਾਜ ਵਿਚ ਰੋਸ਼ ਰਹੇਗਾ।