ਕਿਸਾਨੀ ਅੰਦੋਲਨ ਪ੍ਰਤੀ ਮੁੱਖ ਮੰਤਰੀ ਦਾ ਬਿਆਨ ਮੰਦਭਾਗਾ: ਮੋਹਿਤ ਗੁਪਤਾ
ਅਸ਼ੋਕ ਵਰਮਾ
ਬਠਿੰਡਾ,15 ਸਤੰਬਰ 2021: ਅਕਾਲੀ ਦਲ ਦੇ ਜਨਰਲ ਸਕੱਤਰ, ਸਪੋਕਸਮੈਨ ਤੇ ਮੈਂਬਰ ਪੀ ਏ ਸੀ ਮੋਹਿਤ ਗੁਪਤਾ ਨੇ ਕਿਸਾਨੀ ਅੰਦੋਲਨ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਮੰਦਭਾਗਾ ਅਤੇ ਆਪਣੀ ਜਿੰਮੇਵਾਰੀ ਤੋਂ ਭੱਜਣ ਵਾਲਾ ਕਰਾਰ ਦਿੱਤਾ ਹੈ । ਇੱਕ ਪ੍ਰੈਸ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਪਿਛਲੇ 1 ਸਾਲ ਤੋਂ ਪੰਜਾਬ ਦਾ ਕਿਸਾਨ ਤਿੰਨੇ ਕਾਨੂੰਨ ਰੱਦ ਕਰਵਾਉਣ ਲਈ ਸੜਕਾਂ ਉੱਤੇ ਰੁਲ ਰਿਹਾ ਹੈ ਇਸ ਲਈ ਅੱਜ ਉਨ੍ਹਾਂ ਨੂੰ ਪੰਜਾਬ ਵਿੱਚ ਧਰਨੇ ਨਾ ਦੇਣ ਦੀ ਨਸੀਹਤ ਦੇਣਾ ਕਿਸਾਨੀ ਅੰਦੋਲਨ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੈ । ਉਨ੍ਹਾਂ ਕਿਹਾ ਕਿ ਇਹ ਕਿੰਨੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੀ ਦਿੱਲੀ ਅੰਦੋਲਨ ਵਿਚ ਜਾ ਕੇ ਉਹਨਾਂ ਨਾਲ ਖੜ੍ਹਨ ਅਤੇ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਪੰਜਾਬ ਵਿੱਚ ਧਰਨੇ ਲਗਾਉਣ ਤੋਂ ਰੋਕ ਰਹੇ ਹਨ।
ਉਨ੍ਹਾਂ ਕਿਹਾ ਕਿ ਤਿੰਨ ਕਾਲੇ ਕਾਨੂੰਨਾਂ ਤੇ ਰਾਜਨੀਤਕ ਪਾਰਟੀਆਂ ਨੇ ਮਹਿਜ਼ ਰਾਜਨੀਤੀ ਕੀਤੀ ਹੈ ਜਦੋਂਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸ ਨੇ ਕਿਸਾਨਾਂ ਦੇ ਹੱਕ ਵਿਚ ਤਿੰਨਾਂ ਬਿੱਲਾਂ ਖਿਲਾਫ ਨਿੱਡਰਤਾ ਨਾਲ ਪਹਿਰੇਦਾਰੀ ਕੀਤੀ,ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨਾਲ 25 ਸਾਲ ਪੁਰਾਣਾ ਗੱਠਬੰਧਨ ਤੋੜਿਆ ਜੋਕਿ ਮਾਮੂਲੀ ਗੱਲ ਨਹੀਂ । ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ 17 ਸਤੰਬਰ ਨੂੰ ਕਾਲਾ ਦਿਵਸ ਮਨਾਉਣ ਦੇ ਪ੍ਰੋਗਰਾਮ ਤਹਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ , ਜਿਸ ਵਿੱਚ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਹਨ। ਉਹਨਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਤੇ ਕਾਲੇ ਕਾਨੂੰਨ ਰੱਦ ਕਰਨ।