ਹੈਰੋਇਨ ਸਮੇਤ ਦੋ ਦੋਸ਼ੀ ਕਾਬੂ, ਡਰੱਗ ਮਨੀ ਵੀ ਬਰਾਮਦ
ਸੰਜੀਵ ਸੂਦ
ਲੁਧਿਆਣਾ, 15 ਸਤੰਬਰ 2021 - ਐੱਸ ਟੀ ਐੱਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕੇਬੰਦੀ ਦੌਰਾਨ 1 ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਚੋਂ 750 ਗ੍ਰਾਮ ਹੈਰੋਇਨ ਅਤੇ 28 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 4 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਜਮਾਲਪੁਰ ਚੌਕ ਤੋਂ ਤਾਜਪੁਰ ਜਾਂਦੇ ਰੋਡ ਉੱਤੇ ਨਾਕਾ ਲਗਾਇਆ ਗਿਆ ਅਤੇ ਨਾਕੇ ਦੌਰਾਨ ਜਦੋਂ 1 ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਚੋਂ 750 ਗ੍ਰਾਮ ਹੈਰੋਇਨ, 28 ਹਜ਼ਾਰ ਰੁਪਏ ਦੀ ਡਰੱਗ ਮਨੀ, 1 ਇਲੈਕਟ੍ਰੋਨਿਕ ਕੰਡਾ, 55 ਖਾਲੀ ਮੋਮੀ ਲਿਫਾਫੇ ਬਰਾਮਦ ਹੋਈ।
ਫੜੇ ਗਏ ਦੋਸ਼ੀਆਂ ਦੀ ਪਹਿਚਾਣ ਆਦਰਸ਼ ਉਰਫ਼ ਨਿਹਾਲ ਯਾਦਵ ਅਤੇ ਮਨੀ ਗਰਗ ਲੁਧਿਆਣਾ ਨਿਵਾਸੀ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਪਿਛਲੇ ਕਰੀਬ 2 ਸਾਲਾਂ ਤੋਂ ਨਸ਼ਾ ਤਸਕਰੀ ਦੇ ਗ਼ੈਰਕਾਨੂੰਨੀ ਕਾਰੋਬਾਰ ਦੇ ਵਿੱਚ ਲਿਪਤ ਹਨ ਅਤੇ ਅਲੱਗ-ਅਲੱਗ ਵਿਅਕਤੀਆਂ ਤੋਂ ਥੋਕ ਦੇ ਰੇਟ ਚ ਹੈਰੋਇਨ ਲਿਆ ਕੇ ਪਰਚੂਨ ਦੇ ਰੇਟ ਵਿਚ ਅਪਣੇ ਗਾਹਕਾਂ ਨੂੰ ਵੇਚਦੇ ਸਨ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਆਪਣੇ ਪਿਤਾ ਨਾਲ ਹੌਜ਼ਰੀ ਦਾ ਕੰਮ ਕਰਦਾ ਹੈ ਅਤੇ ਮਨੀ ਗਰਗ ਬੇਰੁਜ਼ਗਾਰ ਹੈ ਦੋਨੋਂ ਹੀ ਜਲਦੀ ਅਮੀਰ ਬਣਨ ਦੇ ਲਾਲਚ ਵਿਚ ਹੈਰੋਇਨ ਵੇਚਣ ਦਾ ਗੈਰਕਾਨੂੰਨੀ ਕਾਰੋਬਾਰ ਕਰਨ ਲੱਗ ਪਏ।