ਪਲਾਸਟਿਕ ਦੀ ਵਰਤੋਂ ਉਪਰ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੇ ਹੁਕਮ
ਬਲਵਿੰਦਰ ਸਿੰਘ ਧਾਲੀਵਾਲ
- ਸਾਰੇ ਹਸਪਤਾਲਾਂ ਤੇ ਨਰਸਿੰਗ ਕੇਂਦਰਾਂ ਵਿਖੇ ਬਾਇਓ ਮੈਡੀਕਲ ਵੇਸਟ ਦੇ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ
ਸੁਲਤਾਨਪੁਰ ਲੋਧੀ 15 ਸਤੰਬਰ 2021 - ਕਪੂਰਥਲਾ ਜਿਲ੍ਹੇ ਵਿਚ ਵਾਤਾਵਰਣ ਸੰਭਾਲ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਘਰ-ਘਰ ਕੂੜਾ ਇਕੱਤਰ ਕਰਨ ਦੀ ਯੋਜਨਾ ਨੂੰ 100 ਫੀਸਦੀ ਘਰਾਂ ਤੱਕ ਲਾਗੂ ਕਰਨਾ ਯਕੀਨੀ ਬਣਾਉਣ ਦੇ ਨਾਲ-ਨਾਲ ਪਲਾਸਟਿਕ ਦੀ ਵਰਤੋਂ ਉਪਰ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
ਉਨ੍ਹਾਂ ਜਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਫਗਵਾੜਾ, ਕਪੂਰਥਲਾ ਨਗਰ ਨਿਗਮਾਂ ਤੋਂ ਇਲਾਵਾ ਨਗਰ ਕੌਂਸਲਾਂ ਸਾਰੇ ਘਰਾਂ ਤੋਂ ਕੂੜਾ ਇਕੱਠਾ ਕਰਨ। ਇਸ ਤੋਂ ਇਲਾਵਾ ਪਾਬੰਦੀ ਦੇ ਬਾਵਜੂਦ ਪਲਾਸਿਟਕ ਦੀ ਵਰਤੋਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਾਲਾਨ ਕੀਤੇ ਜਾਣ। ਫਗਵਾੜਾ, ਕਪੂਰਥਲਾ, ਸੁਲਤਾਨਪੁਰ ਲੋਧੀ, ਬੇਗੋਵਾਲ ਵਿਖੇ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਦੀ ਲਗਾਤਾਰ ਜਾਂਚ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਂਚ ਰਿਪੋਰਟ ਹਰ ਮਹੀਨੇੇ ਸੌਂਪੀ ਜਾਵੇ ਤਾਂ ਜੋ ਸਾਫ ਕੀਤੇ ਪਾਣੀ ਨੂੰ ਖੇਤੀ ਲਈ ਵਰਤਿਆ ਜਾ ਸਕੇ।
ਸ਼ਹਿਰਾਂ ਅੰਦਰ ਕੂੜੇ ਦੇ ਢੇਰਾਂ ਦੇ ਖਾਤਮੇ ਲਈ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਰਧਾਰਿਤ ਥਾਵਾਂ ਤੋਂ ਪਾਸੇ ਲੱਗੇ ਕੂੜੇ ਦੇ ਢੇਰਾਂ ਦੀ ਤਸਦੀਕ ਕਰਕੇ ਇਕ ਮਹੀਨੇ ਦੇ ਅੰਦਰ ਉਨ੍ਹਾਂ ਨੂੰ ਢੁਕਵੀਂ ਥਾਂ ’ਤੇ ਲਾਇਆ ਜਾਵੇ।
ਜਿਲ੍ਹੇ ਦੇ ਸਾਰੇ 460 ਹਸਪਤਾਲਾਂ, ਨਰਸਿੰਗ ਕੇਂਦਰਾਂ , ਮੁੱਢਲੇ ਸਿਹਤ ਕੇਂਦਰਾਂ ਵਿਖੇ ਬਾਇਓ ਮੈਡੀਕਲ ਵੇਸਟ ਦੇ ਸਹੀ ਪ੍ਰਬੰਧਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿਤਿਆ ਉੱਪਲ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।