49 ਲੱਖ ਕੈਨੇਡੀਅਨਾਂ ਵੱਲੋਂ ਐਡਵਾਂਸਡ ਪੋਲਿੰਗ, ਬੈਲੇਟ ਵੋਟ 10 ਲੱਖ ਤੋਂ ਉੱਪਰ ਜਾਣ ਦੀ ਸੰਭਾਵਨਾ
ਕਮਲਜੀਤ ਬੁੱਟਰ
ਕੈਲਗਰੀ, 15 ਸਤੰਬਰ 2021 : ਬੀਤੇ ਦਿਨੀਂ ਹੋਈ ਐਡਵਾਂਸਡ ਪੋਲਿੰਗ ਦੌਰਾਨ ਕੈਨੇਡਾ ਭਰ ਵਿੱਚ ਰਿਕੌਰਡ ਗਿਣਤੀ ਵਿੱਚ ਦੇਸ਼ ਵਾਸੀਆਂ ਨੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਹੈ। ਪਿਛਲੀਆਂ ਫੈਡਰਲ ਚੋਣਾਂ ਦੇ ਮੁਕਾਬਲੇ ਇਸ ਵਾਰ 18% ਜ਼ਿਆਦਾ ਲੋਕਾਂ ਨੇ ਐਡਵਾਂਸਡ ਪੋਲਿੰਗ ਵਿੱਚ ਹਿੱਸਾ ਲਿਆ ਤੇ 49 ਲੱਖ ਤੋਂ ਵੱਧ ਲੋਕਾਂ ਨੇ ਵੋਟ ਪਾ ਦਿੱਤੀ ਹੈ। 14 ਸਤੰਬਰ ਦੀ ਸ਼ਾਮ ਤੱਕ ਦੇਸ਼ ਭਰ ਵਿੱਚੋਂ 10 ਲੱਖ ਤੋਂ ਕੁਝ ਵੱਧ ਵੋਟਰਾਂ ਨੇ ਡਾਕ ਰਾਹੀਂ ਵੋਟ ਪਾਉਣ ਵਾਸਤੇ ਬੈਲੇਟ ਮੰਗੇ ਦੱਸੇ ਗਏ ਹਨ। 2019 ਦੀਆਂ ਫੈਡਰਲ ਚੋਣਾਂ ਵਿੱਚ 50 ਹਜ਼ਾਰ ਦੇ ਕਰੀਬ ਡਾਕ ਰਾਹੀਂ ਬੈਲੇਟ ਭੇਜੇ ਗਏ ਸਨ ਤੇ ਇਸ ਵਾਰ ਇਹ ਗਿਣਤੀ 10 ਲੱਖ ਤੋਂ ਉੱਪਰ ਹੋਵੇਗੀ ਜਿਸ ਕਰਕੇ ਚੋਣ ਨਤੀਜਿਆਂ ਦੇ ਆਉਣ ਵਿੱਚ ਦੇਰ ਹੋ ਸਕਦੀ ਹੈ।