ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ ਸ਼ਿਕਾਇਤ ਨਿਵਾਰਨ ਸੈਲ ਕਾਇਮ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,16 ਸਤੰਬਰ 2021- ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਦੇ ਲਾਭਪਾਤਰੀਆਂ ਦੀ ਸਹੂਲਤ ਲਈ ਸ਼ਕਾਇਤਾਂ ਦਾ ਨਿਪਟਾਰਾ ਕਰਨ ਵਾਸਤੇ ਬਕਾਇਦਾ ਪੋਰਟਲ ਚਾਲੂ ਕਰ ਦਿੱਤਾ ਹੈ। ਇਸ ਸੈਲ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੇ ਜ਼ਰੂਰੀ ਕੰਮਾਂ ਸਬੰਧੀ ਆ ਰਹੀਆਂ ਦਿੱਕਤਾਂ ਦਾ ਸਮੇਂ ਸਿਰ ਹੱਲ ਕਰਨ ਦੇ ਨਾਲ ਨਾਲ ਹਰ ਸੰਭਵ ਸਹਾਇਤਾ ਦਿੱਤੀ ਜਾ ਸਕੇਗੀ।
ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਸਾਰੇ ਵਿਦਿਆਰਥੀਆਂ ਨੂੰ ਡਿਗਰੀਆਂ, ਡੀਟੇਲ ਮਾਰਕਸ ਕਾਰਡ ਅਤੇ ਸਾਰੇ ਦਸਤਾਵੇਜ ਜਾਰੀ ਕਰ ਰਹੀ ਹੈ, ਭਾਵੇਂ ਉਹਨਾਂ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਤੇ ਫੀਸ ਦਾ ਸਟੇਟਸ ਕੁੱਝ ਵੀ ਹੋਵੇ। ਯੂਨੀਵਰਸਿਟੀ ਦੇ ਪ੍ਰੀਖਿਆ ਕੰਟਰੋਲਰ ਡਾ. ਕਰਨਵੀਰ ਸਿੰਘ ਨੇ ਕਿਹਾ ਕਿ “ਕੋਈ ਵੀ ਵਿਦਿਆਰਥੀ ਜਿਸਨੂੰ ਡਿਗਰੀ ,ਡੀ.ਐਮ.ਸੀ. ਜਾਂ ਕਿਸੇ ਹੋਰ ਦਸਤਾਵੇਜ ਨਾਲ ਸੰਬੰਧਤ ਕਿਸੇ ਵੀ ਮੁੱਦੇ ਨੂੰ ਲੈਕੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ www.mrsptu.ac.in ਪੋਰਟਲ ਰਾਹੀਂ ਸਹਾਇਤਾ ਜਾਂ ਆਪਣੀ ਮੁਸ਼ਕਲ ਦੇ ਹੱਲ ਲਈ ਪ੍ਰੀਖਿਆ ਕੰਟਰੋਲਰ ਦੇ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਕਿਸੇ ਵੀ ਅਜਿਹੇ ਮੁੱਦੇ ਦੇ ਹੱਲ ਲਈ 15 ਦਿਨਾਂ ਦੇ ਅੰਦਰ- ਅੰਦਰ ਮੋਬਾਈਲ ਨੰਬਰ 87250-72413 ‘ਤੇ ਸੰਪਰਕ ਕਰਨ ਤੋਂ ਇਲਾਵਾsupportexam@mrsptu.ac.in ਈਮੇਲ ਕਰ ਸਕਦੇ ਹਨ।
ਯੂਨੀਵਰਸਿਟੀ ਨੇ ਸਾਰੇ ਸੰਵਿਧਾਨਕ ਅਤੇ ਐਫੀਲਿਏਟਿਡ ਕਾਲਜਾਂ ਨੂੰ ਸਖਤੀ ਨਾਲ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਫੀਸ ਦੇ ਭੁਗਤਾਨ ਜਾਂ ਅਦਾਇਗੀ ਨਾ ਹੋਣ ਦੀ ਸੂਰਤ ’ਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਰੋਲ ਨੰਬਰ, ਸਰਟੀਫਿਕੇਟ, ਡੀ.ਐਮ.ਸੀ. ਅਤੇ ਡਿਗਰੀਆਂ ਨੂੰ ਨਹੀਂ ਰੋਕ ਸਕਣਗੇ। ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕਿਹਾ ਕਿ ਸੰਵਿਧਾਨਕ ਅਤੇ ਸਬੰਧਿਤ ਪ੍ਰਾਈਵੇਟ ਸੰਸਥਾਵਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਐਸ.ਸੀ./ਐਸ.ਟੀ. ਵਿਦਿਆਰਥੀਆਂ ਨੂੰ ਇਮਤਿਹਾਨ ਦੇਣ ਦੀ ਪੂਰੀ ਇਜਾਜ਼ਤ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ਉੱਪਰ ਮਾਰਕਸ਼ੀਟ ਅਤੇ ਡਿਗਰੀਆਂ ਤੋਂ ਵਾਂਝੇ ਨਹੀਂ ਰਹਿਣਾ ਚਾਹੀਦਾ ਤਾਂ ਜੋ ਉਹ ਉੱਚ ਸਿੱਖਿਆ ਅਤੇ ਕੈਰੀਅਰ ਲਈ ਯਤਨ ਜਾਰੀ ਰੱਖ ਸਕਣ ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਆਨਲਾਈਨ ਸਕਾਲਰਸ਼ਿਪ ਅਤੇ ਟਿਊਸ਼ਨ ਫੀਸ ਅਰਜੀ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਵੀ ਅਹਿਮ ਕਦਮ ਚੁੱਕ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਸਮੂਹ ਸਬੰਧਿਤ ਸੰਸਥਾਵਾਂ ਨੂੰ ਸਮੇਂ ਸਿਰ ਮੁਕੰਮਡ ਡਾਟਾ ਅਪਲੋਡ ਕਰਨ ਲਈ ਆਖਿਆ ਜਾ ਰਿਹਾ ਹੈ।ਉਨ੍ਹਾਂ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਅਤੇ ਸੰਸਥਾਵਾਂ ਨੂੰ ਡਾਟਾ ਅਪਲੋਡ ਕਰਨ ਤੋਂ ਪਹਿਲਾਂ ਇਹ ਇਹਨਾਂ ਸਾਰੇ ਵਿਦਿਆਰਥੀਆਂ ਦੀਆਂ ਅਰਜੀਆਂ ਰੱਦ ਹੋਣ ਦੀ ਗੁੰਜਾਇਸ਼ ਨੂੰ ਪੂਰੀ ਤਰਾਂ ਖਤਮ ਕਰਨ ਲਈ ਇੰਨ੍ਹਾਂ ਦੀ ਜਾਂਚ ਅਤੇ ਤਸਦੀਕ ਨੂੰ ਯਕੀਨੀ ਬਨਾਉਣ ਦੀ ਹਦਾਇਤ ਵੀ ਕੀਤੀ ਹੈ।