ਡੇਅਰੀ ਧੰਦੇ ਨੂੰ ਵਪਾਰਕ ਲੀਹਾਂ 'ਤੇ ਲਿਆਉਣ ਲਈ ਚਤਾਮਲੀ ਵਿਖੇ ਸਿਖਲਾਈ 20 ਸਤੰਬਰ ਤੋਂ
ਹਰਜਿੰਦਰ ਸਿੰਘ ਭੱਟੀ
- ਸਿਖਲਾਈ ਪ੍ਰਾਪਤ ਕਰਨ ਵਾਲੇ ਨੂੰ ਦਿੱਤਾ ਜਾਵੇਗਾ ਦੋ ਹਜ਼ਾਰ ਰੁਪਏ ਵਜ਼ੀਫ਼ਾ
ਐਸ.ਏ.ਐਸ. ਨਗਰ 16 ਸਤੰਬਰ 2021 - ਡੇਅਰੀ ਵਿਕਾਸ ਵਿਭਾਗ/ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਐਸ.ਸੀ. ਬੈਨੇਫਿਸ਼ਰੀਜ਼ ਨੂੰ ਦੋ ਹਫ਼ਤਿਆਂ ਦਾ ਮੁਫ਼ਤ ਡੇਅਰੀ ਸਿਖਲਾਈ ਕੋਰਸ ਦਾ ਪਹਿਲਾ ਬੈਚ 20 ਸਤੰਬਰ ਤੋਂ ਡੇਅਰੀ ਸਿਖਲਾਈ ਕੇਂਦਰ, ਚਤਾਮਲੀ ਵਿਖੇ ਚਲਾਇਆ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਡੇਅਰੀ ਐਸ.ਏ.ਐਸ. ਨਗਰ ਗੁਰਿੰਦਰਪਾਲ ਸਿੰਘ ਕਾਹਲੋਂ ਅਤੇ ਕਾਰਜਕਾਰੀ ਅਫ਼ਸਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਸਿਖਲਾਈ ਉਨ੍ਹਾਂ ਵਿਅਕਤੀਆਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਦੀ ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਘੱਟੋ ਘੱਟ ਪੰਜਵੀਂ ਪਾਸ ਹੋਵੇ, ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ। ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਇਹ ਸਿਖਲਾਈ ਮੁਫ਼ਤ ਕਰਵਾਈ ਜਾ ਰਹੀ ਹੈ, ਜਿਸ ਦੀ ਕੋਈ ਫੀਸ ਨਹੀਂ ਹੈ, ਸਗੋਂ ਸਿਖਿਆਰਥੀਆਂ ਨੂੰ ਸਿਖਲਾਈ ਉਪਰੰਤ 2000 ਰੁਪਏ ਪ੍ਰਤੀ ਸਿਖਿਆਰਥੀ ਵਜ਼ੀਫ਼ਾ ਵੀ ਦਿੱਤਾ ਜਾਵੇਗਾ। ਡੇਅਰੀ ਇੰਸਪੈਕਟਰ ਸ. ਮਨਦੀਪ ਸਿੰਘ ਸੈਣੀ ਨੇ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਡੇਅਰੀ ਸਿਖਲਾਈ ਨੂੰ ਪ੍ਰਾਪਤ ਕਰਕੇ ਵਿਭਾਗ ਦੀਆਂ ਸਕੀਮਾਂ ਦਾ ਪੂਰਾ ਲਾਹਾ ਲੈ ਕੇ ਆਪਣੇ ਡੇਅਰੀ ਧੰਦੇ ਨੂੰ ਵਪਾਰਕ ਲੀਹਾਂ ਉਤੇ ਲੈ ਕੇ ਜਾਣਾ ਚਾਹੀਦਾ ਹੈ।
ਅੱਜ ਦੇ ਸਮੇਂ ਦੌਰਾਨ ਖੇਤੀਬਾੜੀ ਦੇ ਫਸਲੀ ਚੱਕਰ ਦੇ ਬਦਲਾਅ ਲਈ ਡੇਅਰੀ ਦਾ ਧੰਦਾ ਅਪਨਾਉਣਾ ਚਾਹੀਦਾ ਹੈ। ਸੋ ਚਾਹਵਾਨ ਐਸ.ਸੀ. ਲਾਭਪਾਤਰੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਮਾਰਫਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ. ਨਗਰ ਦੇ ਕਮਰਾ ਨੰਬਰ 434, ਤੀਜੀ ਮੰਜ਼ਿਲ ਉਤੇ ਕਿਸੇ ਵੀ ਕੰਮ ਵਾਲੇ ਦਿਨ ਆ ਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98784-41386 ਉਤੇ ਸੰਪਰਕ ਕਰ ਸਕਦੇ ਹੋ।