ਪੰਜਾਬ ਵਿੱਚ ਸਿਹਤ ਢਾਂਚੇ ਵਿੱਚ ਵਿਆਪਕ ਤਬਦੀਲੀ ਆਈ: ਬਲਬੀਰ ਸਿੱਧੂ
ਹਰਜਿੰਦਰ ਸਿੰਘ ਭੱਟੀ
- ਪਿੰਡ ਪੱਤੋਂ ਵਿੱਚ ਫਿਰਨੀ ਦਾ ਨੀਂਹ ਪੱਥਰ ਰੱਖਿਆ ਤੇ ਗਰਾਂਟ ਦਾ ਚੈੱਕ ਸੌਂਪਿਆ
ਐਸ.ਏ.ਐਸ. ਨਗਰ, 15 ਸਤੰਬਰ 2021 - ਪੰਜਾਬ ਦੇ ਸਿਹਤ ਸੰਭਾਲ ਢਾਂਚੇ ਨੂੰ ਵਿਕਸਿਤ ਮੁਲਕਾਂ ਦੇ ਹਾਣ ਦਾ ਗਰਦਾਨਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਜਦੋਂ ਤੋਂ ਉਨ੍ਹਾਂ ਇਹ ਮਹਿਕਮਾ ਸੰਭਾਲਿਆ ਹੈ, ਉਦੋਂ ਤੋਂ ਇਸ ਵਿੱਚ ਵਿਆਪਕ ਤੇ ਕ੍ਰਾਂਤੀਕਾਰੀ ਸੁਧਾਰ ਲਿਆਂਦੇ ਗਏ ਹਨ।
ਮੁਹਾਲੀ ਹਲਕੇ ਦੇ ਪਿੰਡ ਪੱਤੋਂ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਸਿਰਫ਼ ਪੰਜਾਬ ਹੀ ਪੂਰੇ ਦੇਸ਼ ਵਿੱਚੋਂ ਵਧੀਆ ਤਰੀਕੇ ਨਾਲ ਸਿੱਝ ਸਕਿਆ, ਜਿਸ ਦੀ ਸਾਰੀ ਦੁਨੀਆ ਗਵਾਹ ਹੈ। ਪੰਜਾਬ ਵਿੱਚ ਕਿਤੇ ਵੀ ਆਕਸੀਜਨ ਦਾ ਕੋਈ ਸੰਕਟ ਨਹੀਂ ਆਇਆ, ਸਗੋਂ ਦੇਸ਼ ਦੇ ਹੋਰ ਸੂਬਿਆਂ ਦੇ ਮਰੀਜ਼ਾਂ ਨੂੰ ਪੰਜਾਬ ਆ ਕੇ ਆਪਣਾ ਇਲਾਜ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਲਈ ਹਸਪਤਾਲਾਂ ਵਿੱਚ ਪੀ.ਐਸ.ਏ ਪਲਾਂਟ ਲਾਏ ਜਾ ਰਹੇ ਹਨ ਤਾਂ ਕਿ ਜੇ ਭਵਿੱਖ ਵੀ ਲੋੜ ਪੈਂਦੀ ਹੈ ਤਾਂ ਇਸ ਕਮੀ ਨਾਲ ਨਜਿੱਠਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਪਿੰਡ ਪੱਤੋਂ ਵਿੱਚ ਫਿਰਨੀ ਦਾ ਨੀਂਹ ਪੱਥਰ ਰੱਖਿਆ ਅਤੇ ਫਿਰਨੀ ਲਈ 32 ਲੱਖ ਰੁਪਏ ਦੀ ਗਰਾਂਟ ਦਿੱਤੀ। ਉਨ੍ਹਾਂ ਪਿੰਡ ਵਿੱਚ ਵਾਲਮੀਕ ਭਵਨ ਦੀ ਉਸਾਰੀ ਲਈ ਵੀ 17.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਇਸ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਰਪੰਚ ਰੁਪਿੰਦਰ ਕੌਰ, ਸਾਬਕਾ ਸਰਪੰਚ ਕੁਲਵੰਤ ਸਿੰਘ, ਲਖਮੀਰ ਸਿੰਘ ਕਾਲਾ, ਹਰਵਿੰਦਰ ਸਿੰਘ ਬਿੱਲਾ, ਹਰਿੰਦਰ ਜਗੀਰਦਾਰ, ਬਲਬੀਰ ਸਿੰਘ, ਬਿੱਟੂ ਸਿੰਘ, ਜਸਵੀਰ ਸਿੰਘ ਸੇਵਾਮੁਕਤ ਜੱਜ, ਮੁਖਤਿਆਰ ਸਿੰਘ ਸਾਬਕਾ ਐਸ.ਡੀ.ਓ., ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਜਸਵਿੰਦਰ ਕੌਰ ਅਤੇ ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ ਹਾਜ਼ਰ ਸਨ।