ਤੀਜੇ ਮੋਰਚੇ ਵੱਲੋਂ ਛਪਾਰ ਮੇਲੇ ਤੇ ਕਾਨਫਰੰਸ ਰੱਦ ਕਰਨ ਦਾ ਫ਼ੈਸਲਾ
ਲੁਧਿਆਣਾ, 16 ਸਤੰਬਰ 2021 - ਤੀਜੇ ਮੋਰਚੇ ਵੱਲੋਂ ਛਪਾਰ ਮੇਲੇ ਮੌਕੇ ਹੋਣ ਵਾਲੀ ਸਿਆਸੀ ਕਾਨਫਰੰਸਾਂ ਰੱਦ ਕਰ ਦਿੱਤਾ ਗਿਆ ਹੈ। ਜਿਸ ਸੰਬੰਧੀ ਫੈਸਲਾ ਲੁਧਿਆਣਾ ਵਿਖੇ ਹੋਈ ਤੀਜੇ ਮੋਰਚੇ ਦੇ ਆਗੂਆਂ ਦੀ ਇਕ ਅਹਿਮ ਬੈਠਕ ਦੌਰਾਨ ਲਿਆ ਗਿਆ। ਮੀਟਿੰਗ ਵਿੱਚ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਸੰਯੁਕਤ ਅਕਾਲੀ ਦਲ ਨੇ ਸਾਂਝੇ ਤੌਰ ਤੇ ਇਹ ਫੈਸਲਾ ਲਿਆ।
ਲਵਲੀ ਨੇ ਦੱਸਿਆ ਕਿ ਤੀਜਾ ਮੋਰਚਾ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਾ ਹੈ ਅਤੇ ਕਿਸਾਨ ਆਗੂਆਂ ਦੀ ਅਪੀਲ ਤੇ 20 ਸਤੰਬਰ ਨੂੰ ਹੋਣ ਵਾਲੀ ਛਪਾਰ ਮੇਲੇ ਦੀ ਸਿਆਸੀ ਕਾਨਫਰੰਸ ਸਮੇਤ ਹੋਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤੀਜਾ ਮੋਰਚਾ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨੀ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹਾ ਹੈ ਅਤੇ ਕਿਸਾਨਾਂ ਵੱਲੋਂ ਕੀਤੇ ਜਾਂਦੇ ਹਰ ਫੈਸਲੇ ਦਾ ਸਾਥ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਦੇਸ ਰਾਜ ਧੁੱਗਾ ਸਾਬਕਾ ਪਾਰਲੀਮੈਂਟ ਸੈਕਟਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਦਕਿ ਹੋਰਨਾਂ ਤੋਂ ਇਲਾਵਾ, ਜਗਦੀਸ਼ ਸਿੰਘ ਗਰਚਾ ਸਾਬਕਾ ਮੰਤਰੀ ਪੰਜਾਬ ਅਤੇ ਸੀਨੀਅਰ ਆਗੂ ਸੰਯੁਕਤ ਅਕਾਲੀ ਦਲ, ਹਰਜਿੰਦਰ ਸਿੰਘ ਬੌਬੀ ਗਰਚਾ, ਇਂਦਰਜੀਤ ਸਿੰਘ ਐਡਵੋਕੇਟ, ਚਰਨ ਦਾਸ ਤਲਵੰਡੀ ਸਰਪੰਚ, ਐਡਵੋਕੇਟ ਰਾਹੁਲ ਸਿੰਘ ਵੀ ਮੌਜੂਦ ਸਨ।