ਮਾਤਾ ਗੁਜਰੀ ਕਾਲਜ ਵਿਖੇ ਪੰਜਾਬੀ ਸਾਹਿਤ ਸਭਾ ਦਾ ਗਠਨ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 16 ਸਤੰਬਰ 2021 - ਮਾਤਾ ਗੁਜਰੀ ਕਾਲਜ ਵਿੱਚ ਸਾਹਿਤਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਹਰ ਸਾਲ ਵਾਂਗ ਇਸ ਸਾਲ ਵੀ ਪੰਜਾਬੀ ਸਾਹਿਤ ਸਭਾ 2021-22 ਦਾ ਗਠਨ ਕੀਤਾ ਗਿਆ। ਕਾਲਜ ਦੇ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਦੀ ਇਕ ਜ਼ਰੂਰੀ ਇਕੱਤਰਤਾ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਡਾ. ਰਜਿੰਦਰ ਕੌਰ ਮੁਖੀ, ਪੰਜਾਬੀ ਵਿਭਾਗ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਸਾਹਿਤ ਸਭਾ ਦੇ ਮੈਂਬਰ ਸਮੂਹ ਵਿਦਿਆਰਥੀਆਂ ਵੱਲੋਂ ਸਰਬ ਸੰਮਤੀ ਨਾਲ ਸਾਹਿਤ ਸਭਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ।
ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਜੀ ਨੇ ਪੰਜਾਬੀ ਸਾਹਿਤ ਸਭਾ ਦੇ ਚੁਣੇ ਗਏ ਅਹੁਦੇਦਾਰ ਵਿਦਿਆਰਥੀਆਂ ਨੂੰ ਆਸ਼ੀਰਵਾਦ ਤੇ ਵਧਾਈ ਦਿੰਦਿਆਂ ਉਮੀਦ ਜ਼ਾਹਰ ਕੀਤੀ ਕਿ ਉਹ ਕਾਲਜ ਵਿੱਚ ਸਾਹਿਤਕ ਸਰਗਰਮੀਆਂ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।
ਐਮ.ਏ. ਪੰਜਾਬੀ ਭਾਗ ਪਹਿਲਾ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੂੰ ਪ੍ਰਧਾਨ, ਐਮ.ਐਸਸੀ. ਕੈਮਿਸਟਰੀ ਭਾਗ ਦੂਜਾ ਦੀ ਵਿਦਿਆਰਥਣ ਸਿਮਰਨ ਨੂੰ ਉੱਪ-ਪ੍ਰਧਾਨ, ਐਮ.ਕਾਮ. ਭਾਗ ਦੂਜਾ ਦੀ ਵਿਦਿਆਰਥਣ ਚਰਨਪ੍ਰੀਤ ਕੌਰ ਨੂੰ ਸਕੱਤਰ, ਐਮ.ਐਸਸੀ. ਫਿਜ਼ਿਕਸ ਭਾਗ ਦੂਜਾ ਦੇ ਵਿਦਿਆਰਥੀ ਰਿਤਿਕ ਕਪਿਲਾ ਨੂੰ ਖ਼ਜ਼ਾਨਚੀ ਤੇ ਯਾਦਵਿੰਦਰ ਸਿੰਘ ਐਮ.ਏ. ਪੰਜਾਬੀ ਭਾਗ ਪਹਿਲਾ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਪੰਜਾਬੀ ਸਾਹਿਤ ਸਭਾ ਦੇ ਕਨਵੀਨਰ ਡਾ. ਜਗਜੀਵਨ ਸਿੰਘ ਅਤੇ ਪੰਜਾਬੀ ਵਿਭਾਗ ਦੇ ਸਹਿਯੋਗੀ ਅਧਿਆਪਕ ਡਾ. ਸੁਖਵਿੰਦਰ ਸਿੰਘ ਢਿੱਲੋਂ. ਪ੍ਰੋ. ਸੁਖਵਿੰਦਰ ਸਿੰਘ ਨਾਭਾ ਤੇ ਪ੍ਰੋ. ਸੁਖਵੀਰ ਕੌਰ ਮੌਜੂਦ ਸਨ।