ਸਰਕਾਰਾਂ ਦੀਆਂ ਲੋਕ-ਦੋਖੀ ਨੀਤੀਆਂ ਦੇ ਖ਼ਿਲਾਫ਼ ਗਰਜ਼ੀਆਂ ਕਿਸਾਨ ਬੀਬੀਆਂ
ਦਲਜੀਤ ਕੌਰ ਭਵਾਨੀਗੜ੍ਹ
- ਕਾਲੇ ਕਾਨੂੰਨਾਂ ਖ਼ਿਲਾਫ਼ ਸਾਰੇ ਕਿਰਤੀ ਲੋਕ ਦਿੱਲੀ ਅਤੇ ਪੰਜਾਬ ਮੋਰਚਿਆਂ 'ਚ ਹਾਜ਼ਰੀ ਲਗਵਾਉਣ: ਕਿਸਾਨ ਭੈਣਾਂ
ਭਵਾਨੀਗੜ੍ਹ, 16 ਸਤੰਬਰ, 2021: ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਨੇੜਲੇ ਪਿੰਡ ਕਾਲਾਝਾਡ਼ ਦੇ ਟੌਲ ਪਲਾਜ਼ਾ 'ਤੇ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਮੋਰਚੇ ਵਿੱਚ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਦੀ ਅਗਵਾਈ ਹੇਠ ਭਰਵੀਂ ਗਿਣਤੀ ਵਿੱਚ ਮਾਵਾਂ-ਭੈਣਾਂ ਨੇ ਸ਼ਮੂਲੀਅਤ ਕਰਕੇ ਕਿਸਾਨ ਮਜ਼ਦੂਰਾਂ ਦੀ ਵੱਡੀ ਗਿਣਤੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਦੇ ਰੂਪ 'ਚ ਵੱਖ-ਵੱਖ ਭੈਣਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਪਿੰਡ ਰਾਜਪੁਰੇ ਦੀਆਂ ਮਾਤਾ ਮਨਜੀਤ ਕੌਰ ਸੇਵਾਦਾਰ ਮਹਿੰਦਰ ਕੌਰ ਅਤੇ ਮਨਜੀਤ ਕੌਰ ਅਤੇ ਹਰਜਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਸਾਰੇ ਕਿਰਤੀ ਲੋਕਾਂ ਨੂੰ ਇਕੱਠੇ ਹੋ ਕੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਮੋਰਚਿਆਂ ਦੇ ਵਿੱਚ ਅਤੇ ਪੰਜਾਬ ਦੇ ਮੋਰਚਿਆਂ ਵਿੱਚ ਹਾਜ਼ਰੀ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਨਲਾਇਕੀਆਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ।
ਉਨ੍ਹਾਂ ਕਿਹਾ ਕਿ ਔਰਤਾਂ ਪਿਛਲੇ 74 ਸਾਲਾਂ ਤੋਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਸਮਝ ਚੁੱਕੀਆਂ ਹਨ ਤੇ ਆਪਣੇ ਘਰਾਂ ਦੀ ਮੰਦਹਾਲੀ ਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ। ਮੌਜੂਦਾ ਸੰਘਰਸ਼ਾਂ ਦੇ ਵਿਚ ਸਰਕਾਰਾਂ ਦੀਆਂ ਲੋਕ ਦੋਖੀ ਨੀਤੀਆਂ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲ ਰਹੀਆਂ ਹਨ ਤੇ ਸਰਕਾਰਾਂ ਨੂੰ ਲੋਕ ਵਿਰੋਧੀ ਕਾਨੂੰਨ ਲਿਆਉਣ ਕਰਕੇ ਇਨ੍ਹਾਂ ਨੂੰ ਚਣੌਤੀ ਵੀ ਦੇ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਮਾਈ ਭਾਗੋ ਦੀਆਂ ਵਾਰਸ ਹਾਂ। ਅਸੀਂ ਇਕੱਲਾ ਸਟੇਜ ਤੋਂ ਬੋਲਣਾ ਹੀ ਨਹੀਂ ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਹਰ ਜਿੰਮੇਵਾਰੀ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਲਾਕੇ ਬਰਾਬਰ ਚੱਲਾਂਗੀਆਂ।
ਇਸ ਮੌਕੇ ਸਟੇਜ ਸੈਕਟਰੀ ਸੁਖਦੇਵ ਸਿੰਘ ਘਰਾਚੋਂ ਨੇ ਕਿਹਾ ਕਿ ਸਰਕਾਰ ਸਾਰੇ ਸਰਕਾਰੀ ਅਦਾਰੇ ਵੇਚਣ ਤੇ ਲੱਗੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਰਕਾਰ ਨੇ ਬਹੁਤ ਹੀ ਤਰ੍ਹਾਂ ਦੇ ਕਾਨੂੰਨ ਲਿਆਂਦੇ ਹਨ ਜੋ ਕਿਸਾਨਾਂ, ਮਜ਼ਦੂਰਾਂ ਅਤੇ ਸਾਰੇ ਲੋਕਾਂ ਦੇ ਵਿਰੋਧੀ ਹਨ।