ਬੇਗਮਪੁਰਾ ਫਾਊਂਡੇਸ਼ਨ ਪੰਜਾਬ ਵੱਲੋਂ ਵਿਸ਼ਵ ਰਿਕਾਰਡ ਵਿਜੇਤਾ ਰਣਜੀਤ ਔਜਲਾ ਅਤੇ ਕੌਮਾਂਤਰੀ ਫੁੱਟਬਾਲ ਖਿਡਾਰਣ ਮਨੀਸ਼ਾ ਦਾ ਵਿਸ਼ੇਸ਼ ਸਨਮਾਨ
ਰਾਜਿੰਦਰ ਕੁਮਾਰ
- ਸਨਮਾਨ ਸਮਾਰੋਹ ਵਿਚ ਵੱਖ ਵੱਖ ਖੇਤਰਾਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੀਆਂ 21 ਹਸਤੀਆਂ ਵੀ ਸਨਮਾਨਿਤ
ਨਵਾਂ ਸ਼ਹਿਰ: 16 ਸਤੰਬਰ - ਪੰਜਾਬ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਬੇਗਮਪੁਰਾ ਫਾਊਂਡੇਸ਼ਨ ਵੱਲੋਂ ਰੱਸੀ ਕੁੱਦਣ ਵਿਚ ਵਿਸ਼ਵ ਰਿਕਾਰਡ ਵਿਜੇਤਾ ਰਣਜੀਤ ਔਜਲਾ ਅਤੇ ਫੁੱਟਬਾਲ ਖਿਡਾਰਣ ਮਨੀਸ਼ਾ ਕਲਿਆਣ (ਭਾਰਤੀ ਫੁੱਟਬਾਲ ਟੀਮ ਦੀ ਇੱਕੋ ਇੱਕ ਪੰਜਾਬਣ ਖਿਡਾਰਨ) ਨੂੰ ਦੇਸ਼ ਦਾ ਨਾਮ ਇੰਟਰਨੈਸ਼ਨਲ ਪੱਧਰ ਤੱਕ ਰੋਸ਼ਨ ਕਰਨ ਲਈ ਅਨਮੋਲ ਪੈਲੇਸ ਬੰਗਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ-2021 ਵਿਚ ਕ੍ਰਮਵਾਰ 51 ਹਜ਼ਾਰ ਰੁਪਏ ਅਤੇ 21 ਹਜ਼ਾਰ ਰੁਪਏ ਦੀ ਰਾਸ਼ੀ, ਟਰਾਫੀ,ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।
ਇਸ ਸਨਮਾਨ ਸਮਾਰੋਹ ਵਿਚ ਵੱਖ ਵੱਖ ਖੇਤਰਾਂ ਵਿਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀਆਂ 21 ਹੋਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਸਨਮਾਨ ਸਮਾਰੋਹ ਦੇ ਮੁੱਖ ਬੁਲਾਰੇ ਯੂ ਐਨ ਉ ਤੋਂ ਸਨਮਾਨਿਤ ਸ਼ਖਸ਼ੀਅਤ ਸ. ਮਹਿੰਦਰ ਸਿੰਘ ਦੁਸਾਂਝ, ਡਾ.ਰਘੂਬੀਰ ਕੌਰ ਸਾਬਕਾ ਮੁੱਖੀ ਪੰਜਾਬੀ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਨੇ ਆਪਣੇ ਸੰਬੋਧਨ ਜਿੱਥੇ ਇਹਨਾਂ ਸਨਮਾਨਿਤ ਸ਼ਖਸ਼ੀਅਤਾਂ ਨੂੰ ਇਹਨਾਂ ਦੀਆਂ ਸ਼ਾਨਾਮੱਤੀ ਪ੍ਰਾਪਤੀਆਂ ਤੇ ਵਧਾਈ ਦਿੱਤੀ ਉੱਥੇ ਉਹਨਾਂ ਤੋਂ ਨੌਜਵਾਨ ਵਰਗ ਨੂੰ ਪ੍ਰੇਰਣਾ ਲੈਣ ਲਈ ਤਾਕੀਦ ਵੀ ਕੀਤੀ ।
ਉਹਨਾਂ ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਣ ਦੀ ਅਪੀਲ ਕੀਤੀ। ਸਨਮਾਨ ਸਮਾਗਮ ਸ੍ਰੀ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਸਨਮਾਨਿਤ ਸ਼ਖਸ਼ੀਅਤਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਦਾ ਪੰਜਾਬ ਸਰਕਾਰ ਤੋਂ ਸਨਮਾਨ ਕਰਵਾਉਣ ਅਤੇ ਸਰਕਾਰੀ ਨੌਕਰੀ ਦਿਵਾਉਣ ਦਾ ਭਰੋਸਾ ਦਿਵਾਇਆ ।ਸਮਾਗਮ ਵਿਚ ਪ੍ਰਵੀਨ ਬੰਗਾ ਬਸਪਾ ਆਗੂ ਪੰਜਾਬ, ਠੇਕੇਦਾਰ ਰਾਜਿੰਦਰ ਸਿੰਘ ਕਾਂਗਰਸੀ ਆਗੂ, ਪ੍ਰਸਿੱਧ ਬਾਕਸਿੰਗ ਕੋਚ ਸ. ਜਸਵੀਰ ਸਿੰਘ ਸ਼ੇਰਗਿੱਲ ਨੇ ਵੀ ਸੰਬੋਧਨ ਕੀਤਾ ਅਤੇ ਸਨਮਾਨਿਤ ਸ਼ਖਸ਼ੀਅਤਾਂ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਾਂ ਪੇਸ਼ ਕੀਤੀਆਂ ।
ਇਸ ਮੌਕੇ ਸੰਤੋਖ ਸਿੰਘ ਜੱਸੀ ਪ੍ਰਧਾਨ ਬੇਗਮਪੁਰਾ ਫਾਊਂਡੇਸ਼ਨ ਪੰਜਾਬ ਨੇ ਦੇਸ ਅਤੇ ਵਿਦੇਸ਼ ਦੀਆਂ ਸਮੂਹ ਸਹਿਯੋਗੀ ਸ਼ਖਸ਼ੀਅਤਾਂ ਅਤੇ ਦਾਨੀ ਸੱਜਣਾਂ ਦਾ ਸਨਮਾਨ ਸਮਾਰੋਹ ਨੂੰ ਕਾਮਯਾਬ ਕਰਨ ਲਈ ਤਹਿ ਦਿਲੋ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਲੋੜਵੰਦ ਅਤੇ ਹੋਣਹਾਰ ਖਿਡਾਰੀਆਂ, ਵਿਦਿਆਰਥੀਆਂ ਅਤੇ ਹੋਰ ਵੱਖ ਵੱਖ ਖੇਤਰਾਂ ਵਿਚ ਦੇਸ ਅਤੇ ਕੌਮ ਦਾ ਨਾਮ ਰੋਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਯਤਨ ਜਾਰੀ ਰਹਿਣਗੇ। ਸਨਮਾਨ ਸਮਾਰੋਹ ਸਟੇਜ ਸੰਚਾਲਨਾ ਦੀ ਜ਼ਿੰਮੇਵਾਰੀ ਪ੍ਰੋ: ਕਿਸ਼ਨ ਖਟਕੜ ਤੇ ਸ੍ਰੀ ਸੰਜੀਵ ਕੁਮਾਰ ਐਮਾਂ ਜੱਟਾਂ ਜਨਰਲ ਸਕੱਤਰ ਬੇਗਮਪੁਰਾ ਫਾਊਂਡੇਸ਼ਨ ਨੇ ਬਾਖੂਬੀ ਨਿਭਾਈ।
ਸਨਮਾਨ ਸਮਾਰੋਹ ਵਿਚ ਸ. ਦਰਬਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਡਾ. ਕਮਲਜੀਤ ਕੌਰ ਛੀਨਾ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਫਾਰ ਵੂਮੈਨ ਬੰਗਾ, ਡਾ. ਕਵਿਤਾ ਭਾਟੀਆ ਐਸ ਐਮ ਉ, ਸ.ਜਸਵੀਰ ਸਿੰਘ ਸ਼ੀਰਾ (ਵਰਲਡ ਰਿਕਾਰਡ ਬੁੱਕ ਲੰਡਨ ਦੇ ਭਾਰਤੀ ਪ੍ਰਤੀਨਿਧੀ), ਸ੍ਰੀਮਤੀ ਰਾਜ ਰਾਣੀ (ਖਿਡਾਰੀ ਮਨੀਸ਼ਾ ਕਲਿਆਣ ਦੇ ਮਾਤਾ ਜੀ), ਸ੍ਰੀ ਸੁਰਿੰਦਰਪਾਲ ਅਤੇ ਸ੍ਰੀਮਤੀ ਰੇਸ਼ਮ ਕੌਰ (ਰਣਜੀਤ ਔਜਲਾ ਦੇ ਪਿਤਾ ਜੀ ਅਤੇ ਮਾਤਾ ਜੀ), ਜੈ ਪਾਲ ਸੁੰਡਾ ਬਸਪਾ ਆਗੂ, ਸ. ਭਜਨ ਸਿੰਘ ਭਰੋਲੀ, ਰਾਮ ਸਿੰਘ ਸਰਪੰਚ ਭਰੋਮਜਾਰਾ, ਰਮੇਸ਼ ਅਟਾਰੀ, ਇਕਬਾਲ ਸਿੰਘ ਕਾਹਮਾ, ਮਿਸ਼ਨਰੀ ਗਾਇਕ ਧਰਮਿੰਦਰ ਮਸਾਣੀ, ਸ. ਪ੍ਰਿਤਪਾਲ ਸਿੰਘ ਔਜਲਾ, ਸ੍ਰੀ ਹੰਸ ਰਾਜ ਲੰਬੜਦਾਰ, ਡਾ. ਹਰੀ ਕਿਸ਼ਨ ਬੰਗਾ, ਸੋਹਣ ਲਾਲ ਲਾਲੀ ਬੰਗਾ, ਉੱਘੇ ਵੇਟ ਲਿਫ਼ਟਰ ਜਗਦੀਸ਼ ਗੁਰੂ, ਬਲਜੀਤ ਬੱਲੀ, ਲਖਵੀਰ ਬੀਸਲਾ, ਲਾਲ ਚੰਦ ਔਜਲਾ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸਨਮਾਨ ਸਮਾਰੋਹ ਵਿੱਖ ਕਿਤਾਬਾਂ ਦੇ ਸਟਾਲ ਲੱਗੇ ਸਨ ਅਤੇ ਫਾਊਂਡੇਸ਼ਨ ਵੱਲੋਂ ਸਮੂਹ ਸਨਮਾਨਿਤ ਹਸਤੀਆਂ ਨੂੰ ਭਾਰਤੀ ਸੰਵਿਧਾਨ ਦੇ ਪੰਜਾਬੀ ਅਨੁਵਾਦ ਦੀ ਕਾਪੀ ਭੇਟ ਕੀਤੀ ਗਈ ।