ਡੀ ਸੀ ਫਿਰੋਜ਼ਪੁਰ ਵੱਲੋਂ ਸਿਹਤ ਵਿਭਾਗ ਨਾਲ ਸਬੰਧਤ ਵਿਕਾਸ ਸਕੀਮਾਂ ਲਾਗੂ ਕਰਨ ਸਬੰਧੀ ਵਰਚੂਅਲ ਮੋਡ ਰਾਹੀਂ ਕੀਤੀ ਗਈ ਮੀਟਿੰਗ
ਗੌਰਵ ਮਾਣਿਕ
ਫਿਰੋਜ਼ਪੁਰ 16 ਸਤੰਬਰ 2021 - ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਸਿਹਤ ਵਿਭਾਗ ਸਬੰਧੀ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਹਿੱਤ ਜ਼ਿਲੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਰਚੂਅਲ ਮੋਡ ਰਾਹੀਂ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸਿਵਲ ਸਰਜਨ ਫਿਰੋਜ਼ਪੁਰ ਡਾ:ਰਾਜਿੰਦਰ ਅਰੋੜਾ ਨੇ ਮਿਸ਼ਨ ਡਾਇਰੈਕਟਰ ਐੱਨਐੱਚਐੱਮ ਪੰਜਾਬ ਵੱਲੋਂ ਸਰਕਾਰ ਦੁਆਰਾ ਜ਼ਿਲ੍ਹੇ ਦੇ ਸਿਹਤ ਕੇਂਦਰਾਂ ਦੇ ਵਿਕਾਸ ਅਤੇ ਨਵੇਂ ਸਿਹਤ ਕੇਂਦਰ ਖੋਲਨ ਸਬੰਧੀ ਜਾਰੀ ਵੇਰਵੇ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਅੱਗੇ ਰੱਖਿਆ। ਸਿਵਲ ਸਰਜਨ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ 9 ਨਵੇਂ ਅਰਬਣ ਵੈਲਨੈੱਸ ਸੈਂਟਰ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਸੈਂਟਰਾਂ ਵਿੱਚੋਂ 7 ਸੈਂਟਰ ਫਿਰੋਜ਼ਪੁਰ ਅਤੇ 2 ਸੈਂਟਰ ਜ਼ੀਰਾ ਵਿਖੇ ਖੋਲ੍ਹੇ ਜਾਣਗੇ।
ਇਨ੍ਹਾਂ ਸੈਂਟਰਾਂ ਲਈ ਜਗ੍ਹਾਂ ਦੀ ਚੋਣ ਕਰ ਲਈ ਗਈ ਹੈ। ਡਾ. ਅਰੋੜਾ ਨੇ ਸਰਕਾਰ ਦੁਆਰਾ ਵਿਭਾਗ ਸਬੰਧੀ ਵਿਕਾਸ ਸਕੀਮਾਂ ਦੀ ਤਫਸੀਲ ਦੱਸਦਿਆਂ ਕਿਹਾ ਕਿ ਜ਼ਿਲ੍ਹੇ ਅੰਦਰ ਖਸਤਾ ਹਾਲਤ ਵਾਲੇ ਸਬ ਸੈਂਟਰਾਂ-ਹਜਾਰਾ ਸਿੰਘ ਵਾਲਾ, ਵਲੂਰ, ਮੇਘਾ ਰਾਏ ਉਤਾੜ, ਲੈਪੋ ਅਤੇ ਗੱਟਾ ਬਾਦਸ਼ਾਹ ਦੀਆਂ ਇਮਾਰਤਾਂ ਬਨਾਉਣ ਬਾਰੇ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕੰਮ ਕਰਦੀਆਂ 2 ਅਰਬਣ ਪੀਐੱਚਸੀਜ਼ ਅਤੇ 16 ਰੂਰਲ ਪੀਐੱਚਸੀਜ਼ ਨੂੰ ਡਾਇਗਨੋਸਟਿਕ ਯੰਤਰ ਮੁਹੱਈਆਂ ਕਰਵਾਉਣੇ ਵੀ ਪ੍ਰਵਾਨ ਕੀਤੇ ਗਏ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਸੀਐੱਚਸੀ ਮਮਦੋਟ, ਫਿਰੋਜ਼ਸ਼ਾਹ, ਗੁਰੂਹਰਸਹਾਏ ਅਤੇ ਬੀਪੀਐੱਚਸੀ ਕੱਸੋਆਣਾ ਨੂੰ ਬਲਾਕ ਲੈਵਲ ਪਬਲਿਕ ਹੈੱਲਥ ਯੂਨਿਟ ਬਨਾਉਣ ਦਾ ਫੈਸਲਾ ਵੀ ਲਿਆ ਗਿਆ ਹੈ। ਉਕਤ ਵੇਰਵੇ ਅਨੁਸਾਰ ਮੀਟਿੰਗ ਵਿਚ ਚਰਚਿਤ ਵਿਕਾਸ ਸਕੀਮਾਂ ਨੂੰ ਜ਼ਿਲ੍ਹਾ ਪੱਧਰੀ ਕਮੇਟੀ ਦੇ ਚੇਅਰਪਰਸਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਵੱਲੋਂ ਸਹਿਮਤੀ ਪ੍ਰਗਟ ਕਰਦੇ ਹੋਏ ਕਾਰਵਾਈ ਹਿੱਤ ਮਤਾ ਸਰਕਾਰ ਪਾਸ ਭੇਜਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨ.) ਸੁਖਪ੍ਰੀਤ ਸਿੰਘ ਸਿੱਧੂ, ਲਾਤੀਫ ਅਹਿਮਦ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਐਕਸੀਅਨ ਜਲ ਸਪਲਾਈ ਅਤੇ ਸਮੂਹ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੇ ਭਾਗ ਲਿਆ।