ਤੇਰਾ ਹੀ ਤੇਰਾ ਮਿਸ਼ਨ ਨੇ ਸ਼ੁਰੂ ਕੀਤੀ ਤੇਰਾ ਹੀ ਤੇਰਾ ਲੈਬਾਰਟਰੀ
- ਸਹੀ ਨਤੀਜਿਆਂ ਦੀ ਸਹੀ ਰਿਪੋਰਟ ਹੋਵੇਗੀ ਲੈਬਾਰਟਰੀ ਦੀ ਵਿਸ਼ੇਸ਼ਤਾ -ਹਰਜੀਤ ਸਿੰਘ ਸੱਭਰਵਾਲ
ਮੋਹਾਲੀ 16 ਸਤੰਬਰ 2021 - ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਅਤੇ ਤੇਰਾ ਹੀ ਤੇਰਾ ਮਿਸ਼ਨ ਚੈਰੀਟੇਬਲ ਹਸਪਤਾਲ ਵੱਲੋਂ ਜਿੱਥੇ ਸੈਕਟਰ 32 ਚੰਡੀਗੜ੍ਹ ਨਿਰਮਾਣ ਥੀਏਟਰ ਦੇ ਪਿੱਛੇ ਤੇਰਾ ਹੀ ਤੇਰਾ ਮੈਡੀਕੋਜ਼ ਦੇ ਅੰਤਰਗਤ ਨੌਰਥ ਇੰਡੀਆ ਦੀ ਸਭ ਤੋਂ ਸਸਤੀ ਦਵਾਈਆਂ ਦੀ ਦੁਕਾਨ ਚਲਾਈ ਜਾ ਰਹੀ ਹੈ ਉੱਥੇ ਹੀ ਉਸ ਦੇ ਨਾਲ ਹੀ ਤੇਰਾ ਹੀ ਤੇਰਾ ਲੈਬਾਰਟਰੀ ਦੀ ਵੀ ਸ਼ੁਰੂਆਤ ਕੀਤੀ ਗਈ ਹੈ । ਭਾਈ ਹਰਜੀਤ ਸਿੰਘ ਸਭਰਵਾਲ ਹੁਰਾਂ ਨੇ ਆਪਣੇ ਸਟਾਫ ਨਾਲ ਇਸ ਲੈਬਾਰਟਰੀ ਦਾ ਉਦਘਾਟਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ ਕੀਤਾ । ਉਦਘਾਟਨ ਉਪਰੰਤ ਸੰਸਥਾ ਵੱਲੋਂ ਸ਼ੁਰੂਆਤੀ 3 ਦਿਨਾਂ ਲਈ ਕਿਸੇ ਇੱਕ ਟੈਸਟ ਐਚ ਬੀ ਵਨ ਏ ਸੀ /ਲਿਪਡ ਪ੍ਰੋਫਾਈਲ /ਐਲਐਫਟੀ/ਆਰਐਫਟੀ ਅਤੇ ਥਾਇਰਾਇਡ ਦੇ ਟੈਸਟ ਦਾ ਲਾਹਾ ਲੋਕਾਂ ਨੇ ਮੁਫ਼ਤ ਉਠਾਇਆ ।ਜਦੋਂ ਕਿ 13 ਤੋਂ 18 ਸਤੰਬਰ ਤੱਕ ਸਾਰੇ ਟੈਸਟਾਂ ਦੇ ਉੱਤੇ 20 ਪ੍ਰਤੀਸ਼ਤ ਡਿਸਕਾਉਂਟ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਹਰਜੀਤ ਸਿੰਘ ਸੱਭਰਵਾਲ ਨੇ ਕਿਹਾ ਕਿ ਇਸ ਲੈਬਾਰਟਰੀ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਲੈਬਾਰਟਰੀ ਵਿਚ ਸਹੀ ਨਤੀਜਿਆਂ ਦੀ ਸਹੀ ਰਿਪੋਰਟ ਮਰੀਜ਼ਾਂ ਨੂੰ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਹਿਲਾਂ ਤੋਂ ਹੀ ਉਨ੍ਹਾਂ ਦੀ ਸੰਸਥਾ ਵੱਲੋਂ ਜਿੱਥੇ ਦਵਾਈਆਂ ਦੇ ਉੱਤੇ ਪੱਚੀ ਤੋਂ ਸੱਠ ਪ੍ਰਤੀਸ਼ਤ ਡਿਸਕਾਉਂਟ ਦਿੱਤਾ ਜਾ ਰਿਹਾ ਹੈ ਉਥੇ ਹੀ ਗੁਰੂ ਕਾ ਲੰਗਰ ਆਈ ਹਸਪਤਾਲ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਆਪਣਾ ਮੁਫ਼ਤ ਇਲਾਜ ਕਰਵਾਉਂਦੇ ਹਨ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਉੱਚ ਪੱਧਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਜਿਸ ਦੇ ਲਈ ਉਹ ਹਮੇਸ਼ਾ ਕੰਮ ਕਰਦੇ ਰਹਿਣਗੇ ।