ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਵਾਲੇ ਕਿਸਾਨ ਦੂਜਿਆਂ ਲਈ ਪ੍ਰੇਰਨਾਸ੍ਰੋਤ : ਮੁੱਖ ਖੇਤੀਬਾੜੀ ਅਫ਼ਸਰ
ਕਮਲਜੀਤ ਸਿੰਘ ਸੰਧੂ
- ਕਿਹਾ ਕੈਂਪਾਂ, ਸੋਸ਼ਲ ਮੀਡੀਆ ਰਾਹੀਂ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਕੀਤਾ ਜਾਵੇ ਜਾਗਰੂਕ
ਬਰਨਾਲਾ 16 ਸਤੰਬਰ 2021 - ਮੁੱਖ ਖੇਤੀਬਾੜੀ ਅਫ਼ਸਰ, ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਆਤਮਾ ਸਟਾਫ਼ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਪੂਰੀ ਤਨਦੇਹੀ ਨਾਲ ਕਿਸਾਨਾਂ ਦੀ ਸੇਵਾ ਕਰਨ ।
ਕੈਂਥ ਨੇ ਇਸ ਮੌਕੇ ਕਿਹਾ ਕਿ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਕਰਨ ਲਈ ਪਿੰਡ ਪੱਧਰ, ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਕਰਨ ਦੇ ਆਧੁਨਿਕ ਤਰੀਕੇ ਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਨ ਸੰਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ। ਉਨ੍ਹਾਂ ਹਦਾਇਤ ਕੀਤੀ ਕਿ ਸਮੂਹ ਕੈਂਪਾਂ ਵਿੱਚ ਵੱਧ ਤੋਂ ਵੱਧ ਕਿਸਾਨਾਂ ਦੀ ਸਿਰਕਤ ਕਰਵਾਈ ਜਾਵੇ ਤੇ ਜਿਨ੍ਹਾਂ ਅਗਾਂਹਵਧੂ ਕਿਸਾਨਾਂ ਨੇ ਪਿਛਲੇ ਸਾਲਾਂ ਦੌਰਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਉਸਦੇ ਉਚਿਤ ਪ੍ਰਬੰਧ ਕੀਤੇ ਹਨ, ਉਨਾਂ ਨੂੰ ਕੈਂਪਾਂ ਵਿੱਚ ਬੁਲਾ ਕੇ ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਉਨ੍ਹਾਂ ਦੀ ਜੁਬਾਨੀ ਕਿਸਾਨਾਂ ਨੂੰ ਸੁਣਾਈ ਜਾਵੇ ਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਪ੍ਰਚਾਰੀ ਜਾਵੇ ਤਾਂ ਜੋ ਦੂਸਰੇ ਕਿਸਾਨ ਵੀ ਉਨ੍ਹਾਂ ਕਿਸਾਨਾਂ ਤੋਂ ਪ੍ਰੇਰਿਤ ਹੋ ਕੇ ਪਰਾਲੀ ਨੂੰ ਅੱਗ ਨਾ ਲਗਾ ਕੇ ਉਸਦਾ ਸੁਚੱਜਾ ਪ੍ਰਬੰਧ ਕਰ ਸਕਣ। ਉਨ੍ਹਾਂ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਦਫ਼ਤਰੀ ਰਿਕਾਰਡ ਨੂੰ ਮੇਨਟੇਨ ਰੱਖਣ ।
ਇਸ ਮੌਕੇ ਜ਼ਿਲ੍ਹੇ ਦੇ ਸਮੂਹ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਵਿਸਥਾਰ ਅਫ਼ਸਰ, ਖੇਤੀਬਾੜੀ ਉਪ ਨਿਰੀਖਕ, ਸੁਪਰਡੈਂਟ, ਸੀਨੀਅਰ ਸਹਾਇਕ, ਬਲਾਕ ਟੈਕਨੋਲੌਜੀ ਮੈਨੇਜਰ, ਸਹਾਇਕ ਟੈਕਨੌਲੌਜੀ ਮੈਨੇਜਰ,ਕੰਪਿਊਟਰ ਪ੍ਰੋਗਾਮਰ, ਅਕਾਊਟੈਂਟ, ਕਲਰਕ ਤੇ ਹੋਰ ਸਟਾਫ ਹਾਜ਼ਰ ਸੀ।