ਰੇਹੜੀ ਵਾਲੇ ਦੀ ਲਾਪਰਵਾਹੀ ਨਾਲ ਗਈ ਪੁਲਿਸ ਮੁਲਾਜ਼ਮ ਦੀ ਜਾਨ
ਦੀਪਕ ਜੈਨ
- ਪੁਲਿਸ ਵਲੋਂ ਫਰਾਰ ਰੇਹੜੀ ਵਾਲੇ ਖਿਲਾਫ ਮਾਮਲਾ ਦਰਜ
ਜਗਰਾਓਂ, 16 ਸਤੰਬਰ 2021 - ਇਕ ਊਠ ਰੇਹੜੀ ਵਾਲੇ ਦੀ ਲਾਪਰਵਾਹੀ ਕਾਰਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦਸਿਆ ਕਿ ਗੁਰਇਕਬਾਲ ਸਿੰਘ ਵਾਸੀ ਦੁਗਰੀ ਲੁਧਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸਦਾ ਮਾਸੀ ਦਾ ਲੜਕਾ ਰਵਨਦੀਪ ਸਿੰਘ ਜੋਕਿ ਪੰਜਾਬ ਪੁਲਿਸ ਵਿਚ ਸਿਪਾਹੀ ਹੈ ,ਨੂੰ ਨਾਲ ਲੈਕੇ ਆਪੋ ਆਪਣੇ ਮੋਟਰਸਾਇਕਲਾਂ 'ਤੇ ਸਵਾਰ ਹੋਕੇ ਲੁਧਿਆਣਾ ਤੋਂ ਜਗਰਾਓਂ ਜਾ ਰਹੇ ਸੀ ਅਤੇ ਰਵਨਦੀਪ ਸਿੰਘ ਮੇਰੇ ਤੋਂ ਥੋੜਾ ਅੱਗੇ ਸੀ।
ਮੁਦਈ ਅਨੁਸਾਰ ਡਿਵਾਈਨ ਪੈਲੇਸ ਕੋਲ ਪੁੱਜੇ ਤਾਂ ਅੱਗੇ ਇਕ ਊਠ ਰੇਹੜੀ ਵਾਲਾ ਖੜਾ ਸੀ ਅਤੇ ਉਸਨੇ ਇਕੋਦਮ ਲਾਪਰਵਾਹੀ ਨਾਲ ਰੇਹੜੀ ਸੜਕ ਵਲ ਮੋੜ ਲਈ ਜਿਸ ਕਾਰਨ ਰਵਨਦੀਪ ਰੇਹੜੀ ਵਿਚ ਜਾ ਵੱਜਾ ਅਤੇ ਉਸਦੀ ਮੌਤ ਹੋ ਗਈ। ਪੁਲਿਸ ਵਲੋਂ ਗੁਰਇਕਬਾਲ ਸਿੰਘ ਦੇ ਬਿਆਨਾਂ ਉਪਰ ਗੋਗੀ ਪੁੱਤਰ ਸ਼ਾਹੀ ਰਾਮ ਵਾਸੀ ਗੰਗਾਨਗਰ ਰਾਜਸਥਾਨ ਖਿਲਾਫ ਥਾਣਾ ਸਦਰ ਜਗਰਾਓਂ ਵਿਖੇ 279,304 ਏ ,427 ਆਈਪੀਸੀ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।