ਜੇਤੂ ਖਿਡਾਰਨਾਂ ਦਾ ਸਕੂਲ ਪਹੁੰਚਣ ਤੇ ਕੀਤਾ ਗਿਆ ਭਰਵਾਂ ਸਵਾਗਤ
ਜੀ ਐਸ ਪੰਨੂ
ਪਟਿਆਲਾ,16ਸਤੰਬਰ,2021 - ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਪੰਨ ਹੋਈ ਅੰਡਰ-20 ਨੈਸ਼ਨਲ ਸਟਾਈਲ ਕਬੱਡੀ (ਲੜਕੀਆਂ) ਪੰਜਾਬ ਅੰਤਰ ਜ਼ਿਲ੍ਹਾ ਪ੍ਰਤੀਯੋਗਤਾ ਵਿਚ ਪਟਿਆਲਾ ਜ਼ਿਲ੍ਹੇ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ।
ਪਟਿਆਲਾ ਜ਼ਿਲ੍ਹੇ ਦੀ ਨੁਮਾਇੰਦਗੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੌਦਾ ਕਲਾਂ ਦੀਆਂ ਖਿਡਾਰਨਾਂ ਨੇ ਕੀਤੀ,ਇਸ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਵਿਚ ਅਜਨੌਦਾ ਕਲਾਂ ਦੇ ਸਕੂਲ ਦੀਆਂ ਖਿਡਾਰਨਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਆਪਣੇ ਸਾਰੇ ਹੀ ਮੁਕਾਬਲੇ ਲਗਭਗ ਇਕਤਰਫ਼ਾ ਕਰਕੇ ਜਿੱਤੇ, ਪਟਿਆਲਾ ਜ਼ਿਲ੍ਹੇ ਦੀ ਟੀਮ ਮਾਲਵਾ ਜੋਨ ਦੀ ਜੇਤੂ ਟੀਮ ਵਜੋਂ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀ ਸੀ ਜਿਸ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਜੋ ਕੇ ਕੁਆਰਟਰ ਫਾਈਨਲ ਸੀ, ਮਾਨਸਾ ਜ਼ਿਲ੍ਹੇ ਨੂੰ ਇਕਤਰਫ਼ਾ ਮੁਕਾਬਲੇ ਵਾਂਗ 20-40 ਦੇ ਅੰਤਰ ਨਾਲ ਹਰਾਇਆ, ਸੈਮੀਫਾਈਨਲ ਵਿੱਚ ਫਾਜ਼ਿਲਕਾ ਦੀ ਟੀਮ ਨੂੰ 12-35 ਦੇ ਅੰਤਰ ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਫਾਈਨਲ ਵਿੱਚ ਫਰੀਦਕੋਟ ਦੀ ਟੀਮ ਨੂੰ ਫਸਵੇਂ ਮੁਕਾਬਲੇ ਵਿਚ 21-25 ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ਼ ਕਰਵਾਈ।
ਪਟਿਆਲਾ ਜ਼ਿਲ੍ਹੇ ਦੀ ਟੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨੌਦਾ ਕਲਾਂ ਦੀਆਂ ਖਿਡਾਰਨਾਂ ਜਿਨ੍ਹਾਂ ਵਿੱਚ ਰੱਜੀ ਕੌਰ, ਸਰਬਜੀਤ ਕੌਰ, ਕਮਲਜੀਤ ਕੌਰ, ਮਨਪ੍ਰੀਤ ਕੌਰ, ਗੁਰਦੀਪ ਕੌਰ, ਪਿੰਕੀ ਕੌਰ, ਕੋਮਲਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਰਾਜਦੀਪ ਕੌਰ ਅਤੇ ਸਿਮਰਨਜੀਤ ਕੌਰ ਆਦਿ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
ਇਸ ਸ਼ਾਨਦਾਰ ਜਿੱਤ ਪਿੱਛੇ ਸਕੂਲ ਦੇ ਸਰੀਰਕ ਸਿੱਖਿਆ ਲੈਕਚਰਾਰ ਗੁਰਮੁੱਖ ਸਿੰਘ, ਹਰਜੀਤ ਸਿੰਘ ਪੀ ਟੀ ਆਈ ਤੋਂ ਇਲਾਵਾ ਸੁਖਪਾਲ ਸਿੰਘ ਪਾਲੀ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਨ੍ਹਾਂ ਜੇਤੂ ਖਿਡਾਰਨਾਂ ਦੇ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸ਼੍ਰੀਮਤੀ ਕਿਰਨਜੀਤ ਕੌਰ ਅਤੇ ਸਮੂਹ ਸਟਾਫ ਮੈਂਬਰਾਂ ਨੇ ਜੇਤੂ ਖਿਡਾਰਨਾਂ ਦਾ ਜ਼ੋਰਦਾਰ ਸਵਾਗਤ ਕਰਦਿਆਂ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।