ਬੰਬੀਹਾ ਗਰੁੱਪ ਦੇ ਨਾਮ ’ਤੇ ਕੁੱਟਮਾਰ ਕਰਨ ਦੇ ਮਾਮਲੇ ’ਚ ਅਸਲੇ ਸਣੇ 4 ਕਾਬੂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ 2021: ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਸੀਆਈ ਏ ਸਟਾਫ ਦੇ ਇੰਚਾਰਜ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੇ ਪਿਛਲੇ ਦਿਨੀ ਪਿੰਡ ਝੋਰੜ ਦੇ ਇੱਕ ਨੌਜਵਾਨ ਦੀ ਕੁੱਟਮਾਰ ਕਰਕੇ ਅਤੇ ਬੰਬੀਹਾ ਗਰੁੱਪ ਦੇ ਨਾਮ ਹੇਠ ਵੀਡੀਓ ਵਾਇਰਲ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦੋਂਕਿ ਦੋ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਗ੍ਰਿਫਤਾਰ ਕੀਤੇ ਹਨ। ਇੰਨ੍ਹਾਂ ਵਿੱਚੋਂ 2 ਵਿਅਕਤੀਆਂ ਕੋਲੋ ਇੱਕ ਦੇਸੀ ਪਿਸਤੌਲ 12 ਬੋਰ ਸਮੇਤ 01 ਕਾਰਤੂਸ , ਇੱਕ ਮੋਟਰਸਾਇਕਲ ਅਤੇ 1040 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਡੀ ਐਸ ਪੀ ਜਸਪਾਲ ਸਿੰਘ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਮਿਤੀ 11ਸਤੰਬਰ ਨੂੰ ਗੁਰਪ੍ਰੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਉਰਫ ਕਾਲਾ ਵਾਸੀ ਝੋਰੜ ਨੇ ਪੁਲਿਸ ਨੂੰ ਸ਼ਕਾਇਤ ਦਿੱਤੀ ਸੀ ਕਿ ਉਸ ਨੂੰ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ, ਸੁਖਮਨ ਸਿੰਘ ਪੁੱਤਰ ਸਤਨਾਮ ਸਿੰਘ, ਰਾਜਾ ਸਿੰਘ ਪੁੱਤਰ ਤੋਤਾ ਸਿੰਘ ਵਾਸੀਆਨ ਝੋਰੜ ਅਤੇ ਗੱਗੂ ਸਿੰਘ ਉਰਫ ਗਗਨਦੀਪ ਸਿੰਘ ਪੁੱਤਰ ਲੱਖਾਂ ਸਿੰਘ ਉਰਫ ਲਖਵਿੰਦਰ ਸਿੰਘ ਵਾਸੀ ਈਨਾ ਖੇੜਾ ਨੇ ਉਸ ਦੀ ਨੂੰ ਕੁੱਟਮਾਰ ਉਪਰੰਤ ਬੰਬੀਹਾ ਗਰੁੱਪ ਨਾਲ ਸਬੰਧ ਹੋਣ ਦੀ ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਗਈ ਹੈ। ਥਾਣਾ ਸਦਰ ਮਲੋਟ ਨੇ ਗੁਰਪ੍ਰੇਮ ਸਿੰਘ ਦੇ ਬਿਆਨਾਂ ਤੇ 12 ਸਤੰਬਰ ਨੂੰ ਮੁੱਕਦਮਾ ਨੰਬਰ 129 ਮਿਤੀ ਧਾਰਾ 324,323 ,120,34 ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੋਈ ਸੀ।
ਇਸੇ ਦੌਰਾਨ ਪੁਲਿਸ ਪਾਰਟੀ ਪਿੰਡ ਔਲਖ ’ਚ ਸ਼ੱਕ ਦੇ ਅਧਾਰ ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕਿਆ ਜਿੰਨ੍ਹਾਂ ਦੀ ਪਛਾਣ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਝੋਰੜ ਹਾਲ ਅਬਾਦ ਭੂੱਚੋ ਮੰਡੀ, ਬਠਿੰਡਾ ਅਤੇ ਗਗਨਦੀਪ ਉਰਫ ਗੱਗੂ ਪੁੱਤਰ ਲਖਵਿੰਦਰ ਸਿੰਘ ਵਾਸੀ ਈਨਾਖੇੜਾ ਵਜੋਂ ਹੋਈ ਹੈ ਜੋ ਗੁਰਪ੍ਰੇਮ ਸਿੰਘ ਦੀ ਕੁੱਟਮਾਰ ਕਰਨ ਅਤੇ ਸੋਸ਼ਲ ਮੀਡੀਆ ਤੇ ਵੀਡੀਉ ਵਾਇਰਲ ਕਰਨ ਦੇ ਮਾਮਲੇ ’ਚ ਸ਼ਾਮਲ ਸਨ। ਪੁਲਿਸ ਨੇ ਮੁਲਜਮਾਂ ਕੋਲੋਂ 1040 ਨਸ਼ੀਲੀਆ ਗੋਲੀਆਂ ਅਤੇ 12 ਬੋਰ ਦਾ ਦੇਸੀ ਪਿਸਤੌਲ , 01 ਕਾਰਤੂਸ ਜਿੰਦਾ 12 ਬੋਰ ਅਤੇ ਮੋਟਰਸਾਈਕਲ ਨੰਬਰ ਬਰਾਮਦ ਕੀਤਾ ਜਿਸ ਤੇ ਫਰਜ਼ੀ ਨੰਬਰ ਲੱਗਾ ਹੋਇਆ ਸੀ।
ਪੁਲਿਸ ਨੇ 17 ਸਤੰਬਰ ਨੂੰ ਮੰਗਾ ਸਿੰਘ ਅਤੇ ਗਗਨਦੀਪ ਸਿੰਘ ਖਿਲਾਫ ਥਾਣਾ ਸਦਰ ਮਲੋਟ ’ਚ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਮੰਗਾ ਸਿੰਘ ਉਰਫ ਕੁਲਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਉਰਫ ਗੱਗੂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਈ ਮੁਕੱਦਮੇ ਦਰਜ ਹਨ। ਇਸੇ ਤਰਾਂ ਹੀ ਅੱਜ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਗੁਰਪ੍ਰੇਮ ਸਿੰਘ ਦੀ ਕੁੱਟਮਾਰ ਮਾਮਲੇ ’ਚ ਦਰਜ ਮੁਕੱਦਮਾ ਨੰਬਰ 129 ਵਿਚ ਸੁਖਮਨ ਸਿੰਘ ਪੁੱਤਰ ਸਤਨਾਮ ਸਿੰਘ, ਰਾਜਾ ਸਿੰਘ ਪੁੱਤਰ ਤੋਤਾ ਸਿੰਘ ਵਾਸੀਆਨ ਝੋਰੜ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਦ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।