ਹੁਸ਼ਿਆਰਪੁਰ ’ਚ ਦੋ ਮਹੀਨਿਆਂ ’ਚ ਲੱਗੇ ਰੋਜਗਾਰ ਮੇਲਿਆਂ ’ਚ 10 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਦਿੱਤਾ ਗਿਆ ਰੋਜ਼ਗਾਰ : ਅਰੋੜਾ
- ਉਦਯੋਗ ਮੰਤਰੀ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ’ਚ ਲੱਗੇ ਅੰਤਿਮ ਮੈਗਾ ਰੋਜ਼ਗਾਰ ਮੇਲੇ ’ਚ ਸ਼ਿਰਕਤ ਕਰਕੇ ਵਧਾਇਆ ਨੌਜਵਾਨਾਂ ਦਾ ਹੌਂਸਲਾ
- ਕਿਹਾ, ਘਰ-ਘਰ ਰੋਜ਼ਗਾਰ ਅਭਿਆਨ ਤਹਿਤ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਉਪਲਬੱਧ ਕਰਵਾ ਰਹੀ ਹੈ ਸਰਕਾਰ
- ਚੌਥੇ ਤੇ ਅੰਤਿਮ ਮੈਗਾ ਰੋਜ਼ਗਾਰ ਮੇਲੇ ’ਚ 1300 ਉਮੀਦਵਾਰਾਂ ਨੇ ਕੀਤੀ ਸ਼ਿਰਕਤ 644 ਉਮੀਦਵਾਰਾਂ ਦੀ ਹੋਈ ਚੋਣ : ਡਿਪਟੀ ਕਮਿਸ਼ਨਰ
- ਕਿਹਾ, ਹੁਸ਼ਿਆਰਪੁਰ ਵਿਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ’ਚ ਆਸ-ਪਾਸ ਦੇ ਜ਼ਿਲਿ੍ਹਆਂ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਨੌਜਵਾਨਾਂ ਨੂੰ ਵੀ ਮਿਲ ਰਿਹੈ ਰੋਜ਼ਗਾਰ
ਹੁਸ਼ਿਆਰਪੁਰ, 17 ਸਤੰਬਰ 2021 - ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਭਿਆਨ ਤਹਿਤ ਜਿਲ੍ਹੇ ’ਚ ਪਿਛਲੇ ਦੋ ਮਹੀਨਿਆਂ ਦੌਰਾਨ ਬਲਾਕ ਪੱਧਰ ਤੋਂ ਲੈ ਕੇ ਮੈਗਾ ਰੋਜ਼ਗਾਰ ਮੇਲਿਆਂ ਵਿਚ 10 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਸੋਚ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਦੁਆਉਣ ਲਈ ਪੰਜਾਬ ਸਰਕਾਰ ਵਲੋਂ ਪੂਰੇ ਸੂਬੇ ਵਿਚ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਗਿਆ ਹੈ ਜਿਸ ਤਹਿਤ ਨੌਜਵਾਨਾਂ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ ਮੁਤਾਬਕ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹ ਅੱਜ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਚ ਆਯੋਜਿਤ ਚੌਥੇ ਤੇ ਅੰਤਿਮ ਮੈਗਾ ਰੋਜ਼ਗਾਰ ਮੇਲੇ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਰੋਜ਼ਗਾਰ ਮੇਲੇ ਵਿਚ ਇੰਟਰਵਿਊ ਦੇਣ ਆਏ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਹੌਂਸਲਾ ਵਧਾਇਆ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੀ ਮੌਜੂਦ ਸਨ।
ਉਦਯੋਗ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਲੱਗੇ ਰੋਜ਼ਗਾਰ ਮੇਲਿਆਂ ਵਿਚ ਨੌਜਵਾਨਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਗਾ ਰੋਜ਼ਗਾਰ ਮੇਲਿਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਹਰ ਵਿਦਿਅਕ ਯੋਗਤਾ ਵਾਲੇ ਨੂੰ ਉਸ ਦੀ ਯੋਗਤਾ ਅਨੁਸਾਰ ਰੋਜਗਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜਗਾਰ ਅਭਿਆਨ ਰਾਹੀਂ ਜਿਥੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਉਥੇ ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਲਈ ਰਿਕਾਰਡਤੋੜ ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਹਨ ਜਿਸ ਨਾਲ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਰਹੇ ਹਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਅੰਤਿਮ ਮੈਗਾ ਰੋਜ਼ਗਾਰ ਮੇਲੇ ਵਿਚ 1300 ਉਮੀਦਵਾਰਾਂ ਨੇ ਸ਼ਿਰਕਤ ਕੀਤੀ ਜਿਸ ਵਿਚ 644 ਉਮੀਦਵਾਰਾਂ ਨੂੰ ਮੌਕੇ ’ਤੇ ਹੀ ਚੁਣ ਲਿਆ ਗਿਆ ਜਦਕਿ 49 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਚਾਰ ਮੈਗਾ ਰੋਜ਼ਗਾਰ ਮੇਲੇ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ ’ਤੇ ਆਯੋਜਿਤ ਕੀਤੇ ਗਏ ਹਨ ਅਤੇ ਅੱਜ ਚੌਥਾ ਤੇ ਅੰਤਿਮ ਮੈਗਾ ਰੋਜ਼ਗਾਰ ਮੇਲਾ ਹੈ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲਿਆਂ ਵਿਚ ਜਿਲ੍ਹੇ ਤੋਂ ਇਲਾਵਾ ਹੋਰ ਜ਼ਿਲਿ੍ਹਆਂ ਅਤੇ ਗੁਆਂਢੀ ਸੂਬਿਆਂ ਦੇ ਨੌਜਵਾਨ ਵੀ ਰੋਜਗਾਰ ਲਈ ਆਉਂਦੇ ਹਨ ਜੋ ਕਿ ਰੋਜ਼ਗਾਰ ਮੇਲਿਆਂ ਦੀ ਸਭ ਤੋਂ ਵੱਡੀ ਸਫਲਤਾ ਹੈ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲਿਆਂ ਰਾਹੀਂ ਸਾਰਿਆਂ ਨੂੰ ਇਕ ਹੀ ਛੱਤ ਹੇਠਾਂ ਵੱਖ-ਵੱਖ ਨਾਮੀ ਕੰਪਨੀਆਂ ਨੂੰ ਬੁਲਾਉਂਦੇ ਹਨ ਅਤੇ ਉਮੀਦਵਾਰ ਆਪਣੀ ਇੱਛਾ ਤੇ ਯੋਗਤਾ ਨਾਲ ਕਿਸੇ ਵੀ ਕੰਪਨੀ ਵਿਚ ਇੰਟਰਵਿਊ ਦੇ ਸਕਦਾ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਅੱਜ ਦੇ ਮੈਗਾ ਰੋਜ਼ਗਾਰ ਮੇਲੇ ਵਿਚ ਜ਼ਿਲ੍ਹੇ ਦੇ ਨਾਮੀ ਪ੍ਰਾਈਵੇਟ ਸਕੂਲਾਂ ਤੋਂ ਇਲਾਵਾ ਮੈਡੀਕਲ ਖੇਤਰ ਦੀਆਂ ਕੰਪਨੀਆਂ ਵਲੋਂ ਵਿਸ਼ੇਸ਼ ਤੌਰ ’ਤੇ ਸਟਾਫ਼ ਨਰਸਾਂ (ਏ.ਐਨ.ਐਮ., ਜੀ.ਐਨ.ਐਮ. ਅਤੇ ਬੀ.ਐਸ.ਸੀ. ਨਰਸਿੰਗ) ਦੀ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਹੈਵਲਜ਼ ਬੱਦੀ, ਲੂਮੀਨਸ ਗਗਰੇਟ, ਟੀ.ਡੀ.ਐਸ. ਪ੍ਰਾਈਵੇਟ ਲਿਮਟਡ ਲੁਧਿਆਣਾ, ਏਸ਼ੀਅਨ ਟਾਇਰਜ਼ ਜਲੰਧਰ, ਊਸ਼ਾ ਮਾਰਟੀਨ ਵਲੋਂ ਆਈ.ਟੀ.ਆਈ. ਡਿਪਲੋਮਾ ਅਤੇ ਬੀ.ਟੈਕ (ਮਕੈਨੀਕਲ ਇੰਜੀਨੀਅਰ), ਸੋਨਾਲੀਕਾ ਟਰੈਕਟਰ ਲਿਮਟਡ (ਰੋਟਾਵੇਟਰ) ਵਲੋਂ ਬੀ.ਐਮ.ਸੀ. ਪ੍ਰੋਗਰਾਮਰ, ਡੀ.ਆਈ.ਈ. ਫੀਟਰ, ਡੀ.ਆਈ.ਸੀ. ਸਟੋਰ, ਗ੍ਰਿਨਡਰ ਓਪਰੇਟਰ, ਲੇਜ਼ਰ ਓਪਰੇਟਰ, ਪਲਾਜ਼ਮਾ ਓਪਰੇਟਰ ਅਤੇ ਇਲੈਕਟ੍ਰੀਕਲ ਮੈਂਟੀਨੈਂਸ ਦੇ ਖੇਤਰ ਵਿਚ ਤਜ਼ਰਬੇਕਾਰ ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਰੋਜਗਾਰ ਮੇਲਿਆਂ ਦੇ ਪ੍ਰਬੰਧ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਜੀ.ਓ.ਜੀਜ਼ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਕੌਂਸਲਰ ਬਲਵਿੰਦਰ ਬਿੰਦੀ, ਅਜੀਤ ਸਿੰਘ ਲੱਕੀ, ਸਰਪੰਚ ਕੁਲਦੀਪ ਅਰੋੜਾ, ਜ਼ਿਲ੍ਹਾ ਰੋਜਗਾਰ ਅਫ਼ਸਰ ਗੁਰਮੇਲ ਸਿੰਘ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿਤਿਆ ਰਾਣਾ ਵੀ ਹਾਜ਼ਰ ਸਨ।