ਵਿਦਿਆਰਥੀ ਏਕਤਾ ਕਮੇਟੀ ਨੇ ਨੇਬਰਹੁੱਡ ਕੈਂਪਸ 'ਚੋਂ ਮੈਥੇਮੈਟਿਕਸ ਦੇ ਪ੍ਰੋਫ਼ੈਸਰ ਦੀ ਗੈਰ-ਤਰਕਸੰਗਤ ਤਰੀਕੇ ਨਾਲ ਕੀਤੀ ਗਈ ਬਦਲੀ ਦੀ ਕੀਤੀ ਨਿਖੇਧੀ
ਦਲਜੀਤ ਕੌਰ ਭਵਾਨੀਗੜ੍ਹ
- ਬਦਲੀ ਰੁਕਵਾਉਣ ਤੇ ਕੈਂਪਸ ਲਈ ਬਿਲਡਿੰਗ ਦਾ ਪ੍ਰਬੰਧ ਕਰਾਉਣ ਲਈ 20 ਸਤੰਬਰ ਨੂੰ ਰਾਜਿੰਦਰ ਕੌਰ ਭੱਠਲ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
ਮੂਨਕ, 17 ਸਤੰਬਰ, 2021: ਅੱਜ ਅਕਾਲੀ ਫੂਲਾ ਸਿੰਘ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਦੇ ਯੂਨੀਵਰਸਿਟੀ ਕਾਲਜ ਮੂਨਕ ਦੇ ਵਿੱਚ ਕੀਤੇ ਜਾ ਰਹੇ ਰਲੇਵੇਂ ਸਬੰਧੀ ਵਿਦਿਆਰਥੀ ਏਕਤਾ ਕਮੇਟੀ ਤੇ ਪੀ ਐੱਸ ਯੂ ਸ਼ਹੀਦ ਰੰਧਾਵਾ ਦੇ ਕਾਰਕੁਨਾਂ ਦੀ ਮੀਟਿੰਗ ਨੇਬਰਹੁੱਡ ਕੈਂਪਸ ਦੇਹਲਾ ਦੇ ਵਿੱਚ ਹੋਈ।
ਮੀਟਿੰਗ ਦੀ ਜਾਣਕਾਰੀ ਦਿੰਦਿਆਂ ਵਿਦਿਆਰਥੀ ਏਕਤਾ ਕਮੇਟੀ ਤੇ ਪੀ ਐੱਸ ਯੂ ਸ਼ਹੀਦ ਰੰਧਾਵਾ ਦੇ ਕਾਰਕੁਨਾਂ ਹਰਦੀਪ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ ਤੇ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਨੂੰ ਯੂਨੀਵਰਸਿਟੀ ਕਾਲਜ ਮੂਨਕ ਦੇ ਵਿੱਚ ਮਰਜ ਕਰਨ ਲਈ ਲੰਘੀ 8 ਸਤੰਬਰ ਨੂੰ ਮੂਨਕ ਕਾਲਜ ਦੇ ਵਿਚ ਇਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਇਲਾਕੇ ਦੀ ਕਾਂਗਰਸੀ ਨੇਤਾ ਤੇ ਪੰਜਾਬ ਪਲੈਨਿੰਗ ਬੋਰਡ ਦੀ ਵਾਈਸ ਚੇਅਰਮੈਨ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸੱਦਿਆ ਗਿਆ ਸੀ। ਇਸ ਪ੍ਰੋਗਰਾਮ ਬਾਰੇ ਪਤਾ ਲੱਗਣ 'ਤੇ ਨੇਬਰਹੁੱਡ ਕੈਂਪਸ ਦੇਹਲਾਂ ਸੀਹਾਂ ਤੇ ਮੂਨਕ ਕਾਲਜ ਦੇ ਵਿਦਿਆਰਥੀਆਂ ਨੇ ਕਿਸਾਨ-ਮਜ਼ਦੂਰਾਂ ਨੂੰ ਨਾਲ ਲੈ ਕੇ ਜ਼ੋਰਦਾਰ ਵਿਰੋਧ ਕੀਤਾ ਜਿਸ ਦੇ ਕਾਰਨ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆਏ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲ ਇੰਦਰ ਨੂੰ ਬਿਨਾਂ ਬੋਲੇ ਵਾਪਸ ਮੁੜਨਾ ਪਿਆ ਸੀ।
ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਤੇ ਕਿਸਾਨਾਂ ਦੇ ਵਿਰੋਧ ਕਾਰਨ ਪੰਜਾਬੀ ਯੂਨੀਵਰਸਿਟੀ ਤੇ ਸਰਕਾਰ ਵੱਲੋਂ ਹੁਣ ਨੇਬਰਹੁੱਡ ਕੈਂਪਸ ਨੂੰ ਇੱਕੋ ਝਟਕੇ ਬੰਦ ਕਰਨ ਦੀ ਨੀਤੀ ਤਿਆਗ ਕੇ ਸ਼ਿਫਟਾਂ ਦੇ ਵਿੱਚ ਬੰਦ ਕਰਨ ਦਾ ਰਾਹ ਫੜ ਲਿਆ ਹੈ। ਇਸੇ ਨੀਤੀ ਤਹਿਤ ਕਾਲਜ 'ਚ ਮੈਥੇਮੈਟਿਕਸ ਵਿਸ਼ੇ ਦੇ ਅਸਿਸਟੈਂਟ ਪ੍ਰੋ: ਸੁਖਵੀਰ ਸਿੰਘ ਦੀ ਮੂਨਕ ਕਾਲਜ ਦੇ ਵਿੱਚ ਬਦਲੀ ਕੀਤੀ ਗਈ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂ ਜੀ ਸੀ ਦੀਆਂ ਗਾਈਡ ਲਾਈਨਜ਼ ਦੇ ਅਨੁਸਾਰ ਇਕ ਅਸਿਸਟੈਂਟ ਪ੍ਰੋਫੈਸਰ ਨੂੰ ਇਕ ਹਫ਼ਤੇ 'ਚ 16 ਘੰਟੇ ਦਾ ਵਰਕ ਲੋਡ ਦਿੱਤਾ ਗਿਆ ਹੈ ਹੁਣ ਨੇਬਰਹੁੱਡ ਕੈਂਪਸ ਦੇ ਪ੍ਰੋਫੈਸਰ ਦੀ ਬਦਲੀ ਇਨ੍ਹਾਂ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਕੀਤੀ ਗਈ ਹੈ ਕਿਉਂਕਿ ਨੇਬਰਹੁੱਡ ਕੈਂਪਸ 'ਚ ਇਸ ਪ੍ਰੋਫੈਸਰ ਕੋਲ ਇਸ ਸਮੇਂ ਬੀ ਏ ਪਹਿਲੇ ਸਾਲ 'ਚ ਦਾਖਲ ਹੋਏ ਵਿਦਿਆਰਥੀਆਂ ਨੂੰ ਛੱਡ ਕੇ 21 ਘੰਟੇ ਇਕ ਹਫ਼ਤੇ ਦਾ ਵਰਕ ਲੋਡ ਹੈ ਜੋ ਕਿ ਯੂ. ਜੀ. ਸੀ. ਦੀਆਂ ਹਦਾਇਤਾਂ ਅਨੁਸਾਰ 5 ਘੰਟੇ ਵੱਧ ਹੈ ਤੇ ਇਹ ਪ੍ਰੋਫੈਸਰ ਕਾਲਜ ਦੇ ਵਿੱਚ ਬੀ ਏ ਦੇ ਦੂਜੇ ਸਾਲ ਤੇ ਬੀ ਸੀ ਏ ਦੂਜਾ ਸਾਲ ਦੇ ਵਿਦਿਆਰਥੀਆਂ ਨੂੰ ਵਾਤਾਵਰਨ ਸਿੱਖਿਆ ਦਾ ਵਾਧੂ ਵਿਸ਼ਾ ਵੀ ਪੜ੍ਹਾ ਰਿਹਾ ਹੈ ਤੇ ਨੋਡਲ ਅਫਸਰ ਐੱਸ ਸੀ ਸਕਾਲਰਸ਼ਿਪ ਦੀ ਜ਼ਿੰਮੇਵਾਰੀ ਵੀ ਹੈ।
ਵਿਦਿਆਰਥੀ ਆਗੂਆਂ ਨੇ ਐਲਾਨ ਕੀਤਾ ਕਿ ਪ੍ਰੋਫ਼ੈਸਰ ਦੀ ਬਦਲੀ ਪਿੱਛੇ ਕੋਈ ਵਿਗਿਆਨਕ ਤੱਥ ਨਹੀਂ ਹਨ ਬਲਕਿ ਇਹ ਬਦਲੀ ਕੈਂਪਸ ਬੰਦ ਕਰਨ ਦੀ ਦਿਸ਼ਾ 'ਚ ਪੁੱਟਿਆ ਗਿਆ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਵੱਲੋਂ ਪ੍ਰੋਫੈਸਰ ਦੀ ਬਦਲੀ ਰੁਕਵਾਉਣ ਤੇ ਕੈਂਪਸ ਲਈ ਬਿਲਡਿੰਗ ਦਾ ਪ੍ਰਬੰਧ ਕਰਵਾਉਣ ਲਈ 20 ਸਤੰਬਰ ਨੂੰ ਬੀਬੀ ਰਾਜਿੰਦਰ ਕੌਰ ਭੱਠਲ ਦੀ ਕੋਠੀ ਅੱਗੇ ਧਰਨਾ ਦਿੱਤਾ ਜਾਵੇਗਾ।
ਅੱਜ ਦੀ ਮੀਟਿੰਗ ਦੇ ਵਿਚ ਇੱਕ ਮਤੇ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮੁਹਾਲੀ ਦੇ ਵਿੱਚ ਚਲਦੇ ਰੀਜਨਲ ਸੈਂਟਰ ਨੂੰ ਬੰਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਰੀਜਨਲ ਸੈਂਟਰ ਨੂੰ ਚਲਾਉਣ ਲਈ ਪੰਜਾਬ ਸਰਕਾਰ ਗਰਾਂਟ ਜਾਰੀ ਕਰੇ।