ਇਸ ਪਲੈਟੀਨਾ ਮੋਟਰਸਾਈਕਲ ਦੇ ਬਲਾਸਟ ਵਿਚ ਮਾਰਿਆ ਗਿਆ ਸੀ ਚਾਲਕ ਬਿੰਦਰ
ਜਗਦੀਸ਼ ਥਿੰਦ
ਜਲਾਲਾਬਾਦ ਪੱਛਮੀ / ਫ਼ਾਜ਼ਿਲਕਾ 17 ਸਤੰਬਰ ,
16 ਸਤੰਬਰ ਦੀ ਸ਼ਾਮ ਨੂੰ ਜਲਾਲਾਬਾਦ ਪੱਛਮੀ ਦੇ ਬਾਜ਼ਾਰ ਵਿੱਚ ਹੋਏ ਮੋਟਰ ਸਾਈਕਲ ਬਲਾਸਟ ਦੀ ਜਾਂਚ ਦੀ ਕੜੀ ਵਿਚ ਅਹਿਮ ਕੜੀਆਂ ਜੁੁੜਣ ਦੀ ਕਨਸੋਅ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਪੁੁਲਿਸ ਦੇ ਆਲ੍ਹਾ ਮਿਆਰੀ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਪੜਤਾਲ ਦੇ ਨਾਲ - ਨਾਲ ਹੀ ਫੋਰੈਂਸਿਕ ਲੈਬ , ਮੋਹਾਲੀ ਦੀ ਸਟੇਟ ਲੈਵਲ ਦੀ ਲੈਬ ਵੱਲੋਂ ਬਲਾਸਟ ਵਿਚ ਵਰਤੇ ਗਏ ਕੈਮੀਕਲ ਦੀ ਪਹਿਚਾਣ ਕਰਨ ਲਈ ਨਮੂਨੇ ਲੈਣ ਤੋਂ ਇਲਾਵਾ ਐਨ ਐਸ ਜੀ ਅਤੇ ਐੱਨ ਆਈ ਨੇ ਵੀ ਜਾਂਚ ਲਈ ਸੈਂਪਲ ਲਏ ਹਨ ।
ਬਲਾਸਟ ਮੌਕੇ ਮੋਟਰਸਾਈਕਲ ਅਤੇ ਉਸ ਦੇ ਡਰਾਈਵਰ ਦੇ ਸੜਨ ਦੀਆਂ ਬਾਬੂਸ਼ਾਹੀ ਪਾਸ ਮੌਜੂਦ ਤਸਵੀਰਾਂ ਅਨੁਸਾਰ ਇਹ ਸੀ ਭਿਆਨਕ ਦ੍ਰਿਸ਼
_________________________________________
ਦੱਸਣਯੋਗ ਹੈ ਕਿ 16 ਸਤੰਬਰ ਨੂੰ ਸ਼ਾਮ ਢਲੇ ਕਰੀਬ 7.30 ਵਜੇ ਪੰਜਾਬ ਨੈਸ਼ਨਲ ਬੈਂਕ ਨੇੜੇ ਸਾਹਮਣੇ ਇਕ ਪਲਟੀਨਾ ਮੋਟਰਸਾਈਕਲ ਦੀ ਟੈਂਕੀ ਜ਼ੋਰਦਾਰ ਧਮਾਕੇ ਨਾਲ ਫਟੀ ਸੀ ।
ਟੈਂਕੀ ਫਟਣ ਨਾਲ ਚਾਲਕ ਬਹੁਤ ਉਪਰ ਤਕ ਉਛਲ ਕੇ ਥੱਲੇ ਡਿੱਗਿਆ ਸੀ ।
ਇਸ ਮੌਕੇ ਦੋ ਹੋਰ ਰਾਹਗੀਰ ਵੀ ਜ਼ਖ਼ਮੀ ਹੋ ਗਏ ਸਨ ।
ਸਥਾਨਕ ਪੁਲਸ ਵੱਲੋਂ ਐਂਬੂਲੈਂਸ ਦਾ ਇੰਤਜ਼ਾਮ ਕਰ ਕੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ ।
ਮ੍ਰਿਤਕ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਜਸਵੰਤ ਸਿੰਘ ਵਾਸੀ ਝੁੱਗੇ ਨਿਹੰਗਾਂ ਵਾਲਾ ਫਿਰੋਜ਼ਪੁਰ ਵਜੋਂ ਹੋਈ ਸੀ ।
ਇਸ ਮੌਕੇ ਮਾਰੇ ਗਏ ਵਿਅਕਤੀ ਦੇ ਨਾਲ ਵਾਲਾ ਇਕ ਸ਼ੱਕੀ ਵਿਅਕਤੀ ਫ਼ਰਾਰ ਹੋ ਗਿਆ ਸੀ ।
ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈਣ ਤੋਂ ਇਲਾਵਾ ਜਾਂਚ ਏਜੰਸੀਆਂ ਨੇ ਹੋਰ ਵੀ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ ।
ਚੱਲ ਰਹੀ ਜਾਂਚ ਦੌਰਾਨ ਪੰਜਾਬ ਪੁਲਿਸ ਦੇ ਡੀ ਆਈ ਜੀ, ਐੱਸ ਐੱਸ ਪੀ ਤੋਂ ਇਲਾਵਾ ਹੋਰ ਵੀ ਸਬੰਧਤ ਵਿਭਾਗ ਗਹਿਰੀ ਜਾਂਚ ਵਿੱਚ ਜੁਟੇ ਹੋਏ ਹਨ ।
ਚੋਰੀ ਦਾ ਸੀ ਨੁਕਸਾਨਿਆ ਗਿਆ ਮੋਟਰਸਾਈਕਲ
ਬਲਾਸਟ ਵਿਚ ਬੁਰੀ ਤਰ੍ਹਾਂ ਨੁਕਸਾਨੇ ਗਏ ਕਾਲੇ ਰੰਗ ਦੇ ਪਲੈਟੀਨਾ ਮੋਟਰਸਾਈਕਲ ਦੇ ਪਿੱਛੇ ਚਾਹੇ ਨੰਬਰ ਨਹੀਂ ਲਿਖਿਆ ਹੋਇਆ ਸੀ ਪਰ ਚੈਸੀ ਨੰਬਰ ਤੋਂ ਜਦੋਂ ਜਾਂਚ ਟੀਮ ਨੂੰ ਉਸ ਦੇ ਮਾਲਕ ਦਾ ਪਤਾ ਲੱਗਿਆ ਤਾਂ ਖੁਲਾਸਾ ਹੋਇਆ ਕਿ ਇਹ ਪਲੈਟੀਨਾ ਮੋਟਰਸਾਈਕਲ
ਪਿੰਡ ਕੋਟ ਫੱਤਾ ਥਾਣਾ ਬਰੇਟਾ ਨਿਵਾਸੀ ਮਨਜੀਤ ਸਿੰਘ ਦੇ ਨਾਮ ਰਜਿਸਟਰਡ ਹੈ ।
Pb 03 bc 7166 ਨੰਬਰੀ ਕਾਲੇ ਰੰਗ ਦਾ ਪਲਟੀਨਾ ਮੋਟਰਸਾਈਕਲ ਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਕੋਟ ਫੱਤਾ ਥਾਣਾ ਬਰੇਟਾ ਸਬੰਧੀ ਇੱਕ ਹੋਰ ਹੀ ਭੇਦ ਖੁੱਲ੍ਹਿਆ ਹੈ ।
ਅੱਜ ਜਦੋਂ ਉਕਤ ਮਨਜੀਤ ਸਿੰਘ ਪੁੱਤਰ ਜਗੀਰ ਸਿੰਘ ਜੋਗਿੰਦਰ ਸਿੰਘ ਆਪਣੇ ਮੋਟਰ ਸਾਈਕਲ ਦੀ ਆਰ ਸੀ ਲੈ ਕੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਆਇਆ ਤਾਂ ਖੋਜੀ ਪੱਤਰਕਾਰ ਨਾਲ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਚੋਰੀ ਹੋਣ ਤੋਂ ਬਾਅਦ ਉਸ ਨੇ ਬਰੇਟਾ ਥਾਣੇ ਵਿੱਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਸੀ ।
ਮਨਜੀਤ ਸਿੰਘ ਦੱਸ ਰਿਹਾ ਸੀ ਕਿ ਇਹ ਮੋਟਰਸਾਈਕਲ ਉਸ ਨੇ ਫਾਇਨਾਂਸ ਕੰਪਨੀ ਤੋਂ ਲੋਨ ਲੈ ਕੇ ਖਰੀਦਿਆ ਸੀ ।
ਉਸ ਅਨੁਸਾਰ ਦੋ - ਦੋ ਹਜ਼ਾਰ ਰੁਪਏ ਦੀਆਂ ਅਜੇ 20 ਕਿਸ਼ਤਾਂ ਦੇਣ ਵਾਲੀਆਂ ਬਾਕੀ ਖਡ਼੍ਹੀਆਂ ਹਨ ।
ਮਨਜੀਤ ਸਿੰਘ ਅਨੁਸਾਰ ਉਸ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਨਾਲ ਚਲਦਾ ਹੈ ਅਤੇ ਅੱਜ ਦੇ ਦਿਨ ਇੱਕ ਪੋਲਟਰੀ ਫਾਰਮ ਉਪਰ ਕੰਮ ਕਰ ਕੇ ਆਪਣਾ ਪੇਟ ਪਾਲ ਰਿਹਾ ਹੈ ।
ਇੱਥੇ ਵੱਡੇ ਸਵਾਲ ਇਹ ਹਨ ਕਿ ਕੀ ਬਲਾਸਟ ਦਾ ਕਾਰਨ ਪੈਟਰੋਲ ਸੀ ਜਾਂ ਫਿਰ ਕੋਈ ਵਿਸਫੋਟਕ ਪਦਾਰਥ ??
ਉਸ ਵੱਲੋਂ ਇਸ ਵਿਸਫੋਟਕ ਪਦਾਰਥ ਨੂੰ ਕਿਸ ਅਪਰਾਧ ਦੀ ਘਟਨਾ ਨੂੰ ਅੰਜਾਮ ਦੇਣ ਲਈ ਵਰਤਿਆ ਜਾਣਾ ਸੀ ।
ਪ੍ਰਾਪਤ ਸੂਚਨਾ ਅਨੁਸਾਰ ਮਾਰੇ ਗਏ ਵਿਅਕਤੀ ਅਤੇ ਉਸ ਦੇ ਸ਼ੱਕੀ ਸਾਥੀ ਦੱਸੇ ਜਾ ਰਹੇ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ ਉਨ੍ਹਾਂ ਖ਼ਿਲਾਫ਼ ਮੁਕੱਦਮੇ ਵੀ ਦਰਜ ਹਨ ।
ਇਸ ਸੰਬੰਧੀ ਪੁਲਸ ਅਧਿਕਾਰੀਆਂ ਕੋਲੋਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਹਰ ਇਕ ਅਧਿਕਾਰੀ ਇਹ ਕਹਿ ਕੇ ਟਾਲਦਾ ਆ ਰਿਹਾ ਹੈ ਕਿ ਜਾਂਚ ਸੀਨੀਅਰ ਅਧਿਕਾਰੀਆਂ ਦੇ ਹੱਥ ਵਿੱਚ ਹੈ ।
ਚੋਰੀ ਦੇ ਮੋਟਰਸਾਈਕਲ ਦੀ ਵਰਤੋਂ ਕਰਨ ਵਾਲੇ ਮਾਰੇ ਗਏ ਵਿਅਕਤੀ ਦੇ ਸ਼ੱਕੀ ਸਾਥੀ ਦਾ ਘਟਨਾ ਸਥਾਨ ਤੋਂ ਫਰਾਰ ਹੋ ਜਾਣਾ ਜਾਂਚ ਏਜੰਸੀਆਂ ਦੇ ਸ਼ੱਕ ਨੂੰ ਉਸ ਦਿਸ਼ਾ ਵੱਲ ਲੈ ਜਾਂਦਾ ਹੈ ਕਿ ਉਸ ਦੇ ਸਾਥੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਦੌੜ ਜਾਣ ਨੂੰ ਤਰਜੀਹ ਦਿੱਤੀ ਹੋ ਵਧੇਰੇ ਸੰਭਾਵਨਾ ਹੈ ਕਿ ਇਹ ਐਕਸੀਡੈਂਟ ਨਾ ਹੋ ਕੇ ਕਿਸੇ ਅਪਰਾਧਿਕ ਘਟਨਾ ਨੂੰ ਅੰਜ਼ਾਮ ਦੇਂਦਿਆਂ ਮਾਰੇ ਜਾਣ ਦਾ ਮਾਮਲਾ ਹੈ ।