ਰੈੱਡ ਕਰਾਸ ਦੀ ਮਦਦ ਨਾਲ ਗੁਰੁ ਨਾਨਕ ਸੇਵਾ ਸੋਸਾਇਟੀ ਵੱਲੋਂ ਅੰਗਹੀਣਾਂ ਨੂੰ ਟਰਾਈਸਾਈਕਲ ਵੰਡੇ
ਮਨਿੰਦਰਜੀਤ ਸਿੱਧੂ, ਬਾਬੂਸ਼ਾਹੀ ਨੈੱਟਵਰਕ
ਜੈਤੋ, 18 ਸਤੰਬਰ 2021-ਆਪਣੇ ਕਿਰਦਾਰ ਮੁਤਾਬਿਕ ਹਰ ਸਮੇਂ ਸਮਾਜ ਦੇ ਅਣਗੌਲੇ ਅਤੇ ਲਿਤਾੜੇ ਹੋਏ ਵਰਗਾਂ ਦੀ ਸੇਵਾ ਵਿੱਚ ਲੀਨ ਗੁਰੁ ਨਾਨਕ ਸੇਵਾ ਸੋਸਾਇਟੀ ਰੋੜੀਕਪੂਰਾ ਵੱਲੋਂ ਰੈੱਡ ਕਰਾਸ ਸੋਸਾਇਟੀ ਅਤੇ ਉਪ ਮੰਡਲ ਮੈਜਿਸਟਰੇਟ ਜੈਤੋ ਦੀ ਮਦਦ ਨਾਲ ਚੱਲਣ ਫਿਰਨ ਤੋਂ ਅਮਰੱਥ ਅਤੇ ਲੋੜਵੰਦ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲ ਮੁਹੱਈਆ ਕਰਵਾਏ ਗਏ। ਸੋਸਾਇਟੀ ਵੱਲੋਂ ਕੀਤੇ ਗਏ ਇਸ ਵੱਡੇ ਉੱਦਮ ਲਈ ਸਮੁੱਚੇ ਇਲਾਕੇ ਦੇ ਲੋਕ ਸੋਸਾਇਟੀ ਨੂੰ ਮੁਬਾਰਕਬਾਦ ਦੇ ਰਹੇ ਹਨ ਅਤੇ ਸਲਾਹੁਤਾ ਕਰ ਰਹੇ ਹਨ।
ਗੁਰੁ ਨਾਨਕ ਸੇਵਾ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਜੱਸਾ ਨੇ ਕਿਹਾ ਕਿ ਇਨਸਾਨੀ ਜਨਮ ਬਹੁਤ ਛੋਟਾ ਹੈ ਅਤੇ ਹਰ ਇਨਸਾਨ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਵੱਧ ਤੋਂ ਵੱਧ ਲੋਕਾਂ ਦੇ ਕੰਮ ਆ ਸਕੇ ਅਤੇ ਦੂਜਿਆਂ ਦੀ ਜਿੰਦਗੀ ਨੂੰ ਸੁਖਾਲਾ ਕਰਨ ਲਈ ਉੱਦਮ ਕਰਦਾ ਰਹੇ। ਜਿਕਰਯੋਗ ਹੈ ਕਿ ਇਸੇ ਸੋਸਾਇਟੀ ਦੇ ਸੈਕਟਰੀ ਡਾ. ਰਮਨਦੀਪ ਸਿੰਘ ਅੰਗਹੀਣ ਵਿਅਕਤੀਆਂ ਨੂੰ ਅੱਗੇ ਲਿਆਉਣ ਲਈ ਪੈਰਾ ਉਪੰਲਿਕ ਖੇਡਾਂ ਲਈ ਤਿਆਰ ਕਰ ਰਹੇ ਹਨ। ਇਸ ਮੌਕੇ ਸੋਸਾਇਟੀ ਦੇ ਖਜ਼ਾਨਚੀ ਬਲਤੇਜ ਸਿੰਘ, ਸੁਭਾਸ਼ ਚੰਦਰ, ਬਾਬਾ ਹਜ਼ੂਰ ਦਾਸ ਭਗਤੂਆਣਾ, ਸਤਨਾਮ ਸਿੰਘ, ਪ੍ਰਿਤਪਾਲ ਸਿੰਘ, ਨਗਿੰਦਰ ਸਿੰਘ, ਅਕਾਸ਼ਦੀਪ ਸਿੰਘ ਅਤੇ ਸੋਨੂੰ ਹਾਜ਼ਰ ਸਨ।