ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੁਬਾਰਾ ਟਿਕਟ ਦੇ ਦਾਅਵੇਦਾਰ ਕਿਉਂ? ਪੜ੍ਹੋ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ,18 ਸਤੰਬਰ 2021- ਰੂਪਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਅਤੇ ਪਾਰਟੀ ਹਾਈਕਮਾਨ ਤੋਂ ਟਿਕਟ ਦੀ ਪੂਰੀ ਉਮੀਦ ਰੱਖੀ ਹੈ। ਸੰਦੋਆ ਹਲਕੇ ਦੀਆਂ ਮੰਗਾਂ ਨੂੰ ਵਿਧਾਨ ਸਭਾ ਵਿਚ ਉਠਾਉਣ ਅਤੇ ਹਲਕੇ ਵਿਚ ਸਿੰਚਾਈ ਲਈ ਨਹਿਰੀ ਪਾਣੀ ਦੇਣ ਦੀ ਮੰਗ ਅਤੇ ਹੋਰ ਮੁੱਦੇ ਚੁੱਕਣ ਨੂੰ ਲੈ ਕੇ ਆਸਵੰਦ ਹਨ ਕਿ ਪਾਰਟੀ ਇੱਕ ਵਾਰ ਫਿਰ ਤੋਂ ਉਨ੍ਹਾਂ ਵੱਲੋਂ ਹਲਕੇ ਵਿਚ ਕੀਤੀਆਂ ਸੇਵਾਵਾਂ ਦੇ ਮੱਦੇਨਜ਼ਰ ਸੇਵਾ ਕਰਨ ਦਾ ਮੌਕਾ ਦੇਵੇਗੀ। ਇਸ ਬਾਰੇ ਗੱਲਬਾਤ ਕਰਦਿਆਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਉਹ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹੇ ਹਨ ਅਤੇ ਕਾਂਗਰਸ ਵਿਚ ਸ਼ਾਮਲ ਹੋਣਾ ਵੱਡੀ ਭੁੱਲ ਸੀ, ਜਿਸ ਦੀ ਉਹ ਇਲਾਕੇ ਦੇ ਲੋਕਾਂ ਤੋਂ ਮੁਆਫੀ ਵੀ ਮੰਗ ਚੁੱਕੇ ਹਨ।
ਸੰਦੋਆ ਨੇ ਕਿਹਾ ਕਿ ਉਹ ਹਲਕੇ ਦੇ ਸਰਬਪੱਖੀ ਵਿਕਾਸ ਲਈ ਵਿਧਾਨ ਸਭਾ ਸੈਸ਼ਨ ਦੌਰਾਨ ਪੁਰਖਾਲੀ ਨਦੀ ਦਾ ਪੁਲ ਲਗਾਉਣ, ਇਲਾਕੇ ਵਿਚ ਨਹਿਰੀ ਪਾਣੀ ਦੇਣ, ਬੇਰੁਜ਼ਗਾਰੀ ਦੇ ਹੱਲ ਲਈ ਇੰਡਸਟਰੀ ਲਗਾਉਣ, ਨਵੇਂ ਰੋਡ, ਸਿਵਲ ਹਸਪਤਾਲਾਂ ਵਿਚ ਅਤਿ ਆਧੁਨਿਕ ਮਸ਼ੀਨਰੀ, ਹਰ ਟੈਸਟ ਕਰਵਾਉਣ ਦੀ ਸਹੂਲਤਾਂ ਸਮੇਤ ਸਕੂਲਾਂ, ਕਾਲਜਾਂ ਵਿਚ ਪੂਰਾ ਸਟਾਫ ਹੋਣ ਦੀ ਮੰਗ ਨੂੰ ਚੁੱਕਿਆ ਹੈ ਪਰ ਕਾਂਗਰਸ ਸਰਕਰ ਨੇ ਰੂਪਨਗਰ ਹਲਕੇ ਦੇ ਵਿਕਾਸ ਨੂੰ ਪਿਛਲੇ ਸਾਢੇ ਚਾਰ ਸਾਲ ਤੋਂ ਅਣਗੋਲਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਮੁੱਦੇ ਚੁੱਕਣ ਦੇ ਲਈ ਵੀ ਉਹ ਪੰਜਾਬ ਵਿਧਾਨ ਸਭਾ ਵਿਚ ਦੂਜੇ ਸਥਾਨ ਤੇ ਰਹੇ ਹਨ। ਸੰਦੋਆ ਨੇ ਦਾਅਵਾ ਕੀਤਾ ਰੂਪਨਗਰ ਹਲਕੇ ਦੇ ਲੋਕ ਬਾਹਰੀ ਆਗੂਆਂ ਨੂੰ ਇਸ ਵਾਰ ਵੀ ਚੋਣਾਂ ਦੌਰਾਨ ਮੂੰਹ ਨਹੀਂ ਲਗਾਉਣਗੇ ਅਤੇ ਹਲਕੇ ਦੇ ਵਸਿੰਦੇ ਨੂੰ ਹੀ ਉਮੀਦਵਾਰ ਵਜੋਂ ਪਸੰਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਬਾਹਰ ਦੇ ਆਗੂਆਂ ਦਾ ਸਖਤ ਵਿਰੋਧ ਕਰਦੇ ਹਨ ਅਤੇ ਵੋਟਰ ਵੀ ਇਹੀ ਮੰਗ ਕਰਦੇ ਹਨ।