ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵੱਲੋਂ ਵਿਕਾਸ ਕਾਰਜਾਂ ਨੂੰ ਦਿੱਤੀ ਗਈ ਪ੍ਰਵਾਨਗੀ
ਵਿਕਾਸ ਕਾਰਜਾਂ ਦੀ ਥਰਡ ਪਾਰਟੀ ਆਡਿਟ ਕਰਵਾਏਗਾ ਨਿਗਮ : ਮੇਅਰ ਅਤੇ ਕਮਿਸ਼ਨਰ
ਅੰਮ੍ਰਿਤਸਰ, ਬਾਬੂਸ਼ਾਹੀ ਨੈੱਟਵਰਕ,18 ਸਤੰਬਰ, 2021 -ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜੀ ਦੇਣ ਲਈ ਅੱਜ ਮਿਤੀ 18-09-2021 ਨੂੰ ਮੇਅਰ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ, ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੌਂਸਲਰ ਦਮਨਜੀਤ ਸਿੰਘ, ਕੌਂਸਲਰ ਗੁਰਜੀਤ ਕੌਰ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਹਾਜ਼ਰ ਸਨ।
ਅੱਜ ਦੀ ਮੀਟਿੰਗ ਵਿਚ ਕਰੋੜਾਂ ਰੁਪਏ ਦੀ ਲਾਗਤ ਦੇ ਵਿਕਾਸ ਕਾਰਜ ਵਿਚਾਰ ਹਿੱਤ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਦੀ ਇਸ ਮੀਟਿੰਗ ਵਿਚ ਜਿਨ੍ਹੇ ਵੀ ਵਿਕਾਸ ਦੇ ਕੰਮ ਕਰਵਾਏ ਗਏ ਹਨ ਉਹਨਾਂ ਦੀ ਥਰਡ ਪਾਰਟੀ ਆਡਿਟ ਕਰਵਾਉਣ ਲਈ ਵੀ ਮਤਾ ਪਾਸ ਕੀਤਾ ਗਿਆ।
ਅੱਜ ਦੀ ਇਸ ਮੀਟਿੰਗ ਵਿਚ ਪ੍ਰਮੁੱਖ ਤੌਰ ਤੇ ਸ਼ਹਿਰ ਦੀਆਂ ਸਮੂਹ ਵਾਰਡਾਂ ਵਿਚ ਓ.ਐਂਡ ਐਮ., ਸਿਵਲ, ਸਟਰੀਟ ਲਾਈਟ ਅਤੇ ਸਿਹਤ ਵਿਭਾਗ ਦੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਜਿਨ੍ਹਾਂ ਵਿਚ ਨਵੇਂ ਟਿਊਬਵੈੱਲ ਲਗਾਉਣੇ, ਪੀਣ ਵਾਲੇ ਪਾਣੀ ਦੀ ਬੇਹਤਰ ਸਪਲਾਈ ਵਾਟਰ ਸਪਲਾਈ ਲਾਈਨਾਂ ਵਿਛਾਉਣੀਆਂ ਤੇ ਸਪਲਾਈ ਲਾਈਨਾਂ ਦੀ ਲੀਕੇਜ਼ ਨੂੰ ਰੋਕਣਾ, ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੀਵਰੇਜ਼ ਦੀ ਨਿਕਾਸੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੀਵਰੇਜ਼ ਡੀਸਿਲਟਿੰਗ, ਮੈਨਹੋਲ ਚੈਂਬਰਾਂ ਦਾ ਨਿਰਮਾਣ ਅਤੇ ਸੜ੍ਹਕਾਂ ਦੇ ਲੈਵਲ ਤੋਂ ਹੇਠਾਂ ਜਾ ਚੁੱਕੇ ਸੀਵਰੇਜ਼ ਢੱਕਣਾ ਨੂੰ ਲੈਵਲ ਤੇ ਕਰਨ ਦੇ ਨਾਲ-ਨਾਲ ਉਹਨਾਂ ਦੀ ਰਿਪੇਅਰ ਦੇ ਕੰਮ ਸ਼ਾਮਿਲ ਹਨ। ਇਸ ਅਵਸਰ ਤੇ ਮੇਅਰ ਕਰਮਜੀਤ ਸਿੰਘ ਨੇ ਕਿਹਾ ਕਿ ਗੁਰੂਨਗਰੀ ਦੇ ਵਿਕਾਸ ਲਈ ਹੁਣ ਤੱਕ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਚੁੱਕੇ ਹਨ ਤੇ ਸ਼ਹਿਰ ਦੇ ਚਹੁੰਮੁੱਖੀ ਵਿਕਾਸ ਲਈ ਨਗਰ ਨਿਗਮ ਪੂਰੀ ਤਰ੍ਹਾਂ ਵਚਨਬੱਧ ਹੈ। ਉਹਨਾ ਕਿਹਾ ਕਿ ਵਿਕਾਸ ਕਾਰਜਾ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।