ਕੋਟ ਰਾਂਝਾ ਪਿੰਡ ਵਿਖੇ ਹੋਇਆ ਕੋਰੋਨਾ ਟੀਕਾਕਰਨ
ਨਵਾਂਸ਼ਹਿਰ, ਬਾਬੂਸ਼ਾਹੀ ਨੈੱਟਵਰਕ, 18 ਸਤੰਬਰ 2021- ਸਿਹਤ ਵਿਭਾਗ ਨੇ ਸਥਾਨਕ ਪਿੰਡ ਕੋਟ ਰਾਂਝਾ ਦੀ ਯੋਗ ਬਹੁ-ਗਿਣਤੀ ਬਾਲਗ ਆਬਾਦੀ ਦਾ ਕੋਵਿਡ-19 ਟੀਕਾਕਰਨ ਕਰ ਦਿੱਤਾ ਹੈ।
ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਿੱਚ ਕੋਵਿਡ-19 ਵੈਕਸੀਨੇਸਨ ਕਰਨ ਲਈ ਆਈ ਸਿਹਤ ਵਿਭਾਗ ਮੁਜ਼ੱਫਰਪੁਰ ਦੀ ਟੀਮ ਨੂੰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਵਿੱਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਸਨਮਾਨਿਤ ਕਰਨ ਉਪਰੰਤ ਪੰਚਾਇਤ ਮੈਂਬਰਮ ਰੂਪਇੰਦਰਜੀਤ ਕੌਰ ਬਾਜਵਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਅੱਜ ਪਿੰਡ ਕੋਟ ਰਾਂਝਾ ਵਿਚ 300 ਤੋਂ ਵੱਧ ਯੋਗ ਵਿਅਕਤੀਆਂ ਦਾ ਕੋਵਿਡ-19 ਟੀਕਾਕਰਨ ਕੀਤਾ, ਜਿਸ ਨਾਲ ਪਿੰਡ ਵਿੱਚ ਹੁਣ ਤੱਕ 18 ਸਾਲ ਤੋਂ ਵੱਧ ਉਮਰ ਦੇ ਤਕਰੀਬਨ 85 ਫੀਸਦੀ ਯੋਗ ਵਿਅਕਤੀ ਕਵਰ ਹੋ ਚੁੱਕੇ ਹਨ, ਜਦੋਂਕਿ ਬਾਕੀ ਰਹਿੰਦੇ ਯੋਗ ਵਿਅਕਤੀਆਂ ਨੂੰ ਟੀਕੇ ਲਗਵਾ ਕੇ 100 ਫੀਸਦੀ ਟੀਕਾਕਰਨ ਦਾ ਟੀਚਾ ਜਲਦ ਹੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੀ ਕੁੱਲ ਆਬਾਦੀ ਤਕਰੀਬਨ 1713 ਹੈ, ਜਿਸ ਵਿੱਚੋਂ ਬਹੁ-ਗਿਣਤੀ ਯੋਗ ਬਾਲਗ ਆਬਾਦੀ ਦਾ ਟੀਕਾਕਰਨ ਕਰ ਦਿੱਤਾ ਗਿਆ ਹੈ।
ਇਸ ਮੌਕੇ ਪਿੰਡ ਦੇ ਮੋਹਤਬਰ ਅਤੇ ਗੁਰਦੁਆਰਾ ਪ੍ਰਧਾਨ ਹਰਦੀਪ ਸਿੰਘ ਬਾਜਵਾ, ਵਲੰਟੀਅਰ ਦਿਲਬਾਗ ਸਿੰਘ ਅਤੇ ਤੀਰਥ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਇਮਾਨਦਾਰੀ ਤੇ ਤਨਦੇਹੀ ਨਾਲ ਪਿੰਡ ਵਿੱਚ ਟੀਕਾਕਰਨ ਦੇ ਕੀਤੇ ਗਏ ਕੰਮਕਾਜ ਦੀ ਕਾਫੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੋਕਾਂ ਦੀ ਨਿਸਵਾਰਥ ਸੇਵਾ ਕੀਤੀ ਜੋ ਕਾਬਲੇ ਤਾਰੀਫ਼ ਹੈ। ਉਨ੍ਹਾਂ ਕੋਰੋਨਾ ਦੇ ਸ਼ੁਰੂਆਤੀ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਪਠਲਾਵਾ ਪਿੰਡ ਵਿਚ ਸੂਬੇ ਦਾ ਪਹਿਲਾ ਕੋਰੋਨਾ ਕੇਸ ਸਾਹਮਣੇ ਆਇਆ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਿਸ ਤਰ੍ਹਾਂ ਨਾਲ ਸਿਹਤ ਵਿਭਾਗ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕਰ ਰਿਹਾ ਹੈ, ਉਹ ਸ਼ਲਾਘਾਯੋਗ ਹੈ।
ਸਿਹਤ ਵਿਭਾਗ ਦੇ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ, ਉਨ੍ਹਾਂ ਵਿਚ ਏ.ਐਨ.ਐਮ. ਹਰਜਿੰਦਰ ਕੌਰ, ਸੁਰਜੀਤ ਕੌਰ, ਕੰਪਿਊਟਰ ਟੀਚਰ ਕਮਲਜੀਤ ਕੌਰ, ਕਮਿਊਨਿਟੀ ਹੈਲਥ ਅਫਸਰ ਮਿਸ ਰਸ਼ਮੀ, ਆਸ਼ਾ ਵਰਕਰ ਪਰਮਜੀਤ ਕੌਰ, ਨਰਿੰਦਰ ਕੌਰ ਅਤੇ ਹੈਲਥ ਵਰਕਰ ਗੁਰਪ੍ਰੀਤ ਸਿੰਘ ਰੰਧਾਵਾ ਆਦਿ ਸ਼ਾਮਲ ਹਨ।