ਕੇਂਦਰੀ ਟੀਮ ਨੇ ਪਿੰਡ ਲਾਂਬੜਾ ’ਚ ਬਾਇਓਗੈਸ ਪਲਾਂਟ ਤੇ ਵੇਸਟ ਵਾਟਰ ਟਰੀਟਮੈਂਟ ਪਲਾਂਟ ਦਾ ਕੀਤਾ ਦੌਰਾ
ਹੁਸ਼ਿਆਰਪੁਰ, ਬਾਬੂਸ਼ਾਹੀ ਨੈੱਟਵਰਕ 18 ਸਤੰਬਰ 2021-ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਐਸ.ਬੀ.ਐਮ.ਜੀ.) ਦੀ ਕੇਂਦਰੀ ਟੀਮ ਨੇ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇਗੰਢ ’ਤੇ ਆਜ਼ਾਦੀ ਦੇ ਅਮ੍ਰਿਤ ਮਹਾਉਤਸਵ ਦੇ ਜਸ਼ਨ ਤਹਿਤ ਪਿੰਡ ਲਾਂਬੜਾ ਵਿਚ ਬਾਇਓਗੈਸ ਪਲਾਂਟ ਤੇ ਵੇਸਟ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਟੀਮ ਵਿਚ ਸਯੁੰਕਤ ਡਾਇਰੈਕਟਰ ਐਸ.ਬੀ.ਐਮ. (ਜੀ) ਕਰਨਜੀਤ ਸਿੰਘ, ਐਸ.ਡਬਲਯੂ.ਐਮ. ਸਲਾਹਕਾਰ ਅਯਾਮ ਮਜੂਮਦਾਰ ਨੇ ਪਿੰਡ ਲਾਂਬੜਾ ਦਾ ਦੌਰਾ ਕਰਕੇ ਬਾਇਓਗੈਸ ਪ੍ਰੋਜੈਕਟ ਤੇ ਸਲਰੀ ਮੈਨੇਜਮੈਂਟ ਲਈ ਅਪਨਾਈ ਗਈ ਵਿਧੀ ਦਾ ਨਿਰੀਖਣ ਕੀਤਾ।
ਬਹੁ-ਮੰਤਵੀ ਲਾਂਬੜਾ ਸਹਿਕਾਰੀ ਸੋਸਾਇਟੀ ਦੇ ਪ੍ਰੋਜੈਕਟ ਮੈਨੇਜਰ ਜਸਵਿੰਦਰ ਸਿੰਘ ਨੇ ਬਾਇਓਗੈਸ ਪਲਾਂਟ ਤੇ ਪਿੰਡ ਵਾਸੀਆਂ ਲਈ ਇਸ ਦੇ ਪ੍ਰਯੋਗ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਸੋਧਿਆ ਪੀ.ਏ.ਯੂ ਜਨਤਾ ਮਾਡਲ ਬਾਇਓਗੈਸ ਤਕਨੀਕ ’ਤੇ ਅਧਾਰਤ ਹੈ। ਉਨ੍ਹਾਂ ਦੱਸਿਆ ਕਿ ਇਸ ਬਾਇਓਗੈਸ ਪਲਾਂਟ ਦੀ ਸਮਰੱਥਾ 100 ਘਣ ਪ੍ਰਤੀ ਦਿਨ ਹੈ ਅਤੇ ਜੂਨ 2016 ਵਿਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਵਰਤਮਾਨ ਵਿਚ 46 ਘਰੇਲੂ ਬਾਇਓਗੈਸ ਕੁਨੈਕਸ਼ਨ ਚਾਲੂ ਹਨ ਅਤੇ ਕਰੀਬ 2500 ਕਿਲੋਗ੍ਰਾਮ ਪਸ਼ੂ ਗੋਬਰ ਪ੍ਰਤੀ ਦਿਨ ਇਕਤਰ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਵਿਚੋਂ ਗੋਬਰ ਇਕੱਠ ਕੀਤਾ ਜਾਂਦਾ ਹੈ ਅਤੇ ਇਲੈਕਟ੍ਰੋਨਿਕ ਤੋਲ ਪੈਮਾਨੇ ’ਤੇ ਤੋਲਿਆ ਜਾਂਦਾ ਹੈ, ਰੀਡਿੰਗ ਨੂੰ ਸੋਸਾਇਟੀ ਦੇ ਮੋਬਾਇਲ ਐਪਲੀਕੇਸ਼ਨ ’ਤੇ ਦਰਜ ਕੀਤਾ ਜਾਂਦਾ ਹੈ। ਬਾਇਓਗੈਸ ਦੀ ਸਪਲਾਈ ਓਵਰਹੈਡ ਸਪਲਾਈ ਪਾਈਪਲਾਈਨ ਰਾਹੀਂ ਕੀਤੀ ਜਾਂਦੀ ਹੈ। ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਲਾਂਬੜਾ ਦੇ ਇਕ ਘਰ ਲਈ ਬਾਇਓਗੈਸ, ਐਲ.ਪੀ.ਜੀ. ਤੋਂ ਕਰੀਬ ਤਿੰਨ ਗੁਣਾ ਸਸਤੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੋਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਨੂੰ ਵਿਦਿਆਰਥੀਆਂ ਦੇ ਮਿਡ ਡੇ ਮੀਲ ਲਈ ਵੀ ਬਾਇਓਗੈਸ ਪ੍ਰਦਾਨ ਕੀਤੀ ਜਾ ਰਹੀ ਹੈ।
ਬਾਇਓਗੈਸ ਪਲਾਂਟ ਤੋਂ ਨਿਕਲਣ ਵਾਲੇ ਘੋਲ ਦੀ ਸਪਲਾਈ ਸੋਸਾਇਟੀ ਵਲੋਂ ਟੈਂਕਰ ਰਾਹੀਂ ਉਪਭੋਗਤਾ ਦੇ ਖੇਤ ਵਿਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 600 ਰੁਪਏ ਪ੍ਰਤੀ ਟੈਂਕਰ (5000 ਲੀਟਰ) ਉਨ੍ਹਾਂ ਮੈਂਬਰਾਂ ਤੋਂ ਵਸੂਲੇ ਜਾਂਦੇ ਹਨ ਜੋ ਪਸ਼ੂਆਂ ਦੇ ਗੋਬਰ ਦੀ ਸਪਲਾਈ ਕਰਦੇ ਹਨ ਅਤੇ ਹੋਰਨਾਂ ਤੋਂ ਜੋ ਪਸ਼ੂਆਂ ਦੇ ਗੋਬਰ ਦੀ ਸਪਲਾਈ ਨਹੀਂ ਕਰਦੇ ਉਸ ਤੋਂ 800 ਰੁਪਏ ਪ੍ਰਤੀ ਟੈਂਕਰ (5000 ਲੀਟਰ) ਚਾਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਚਾਰ ਪਿੰਡ ਲਾਂਬੜਾ, ਕਾਂਗੜੀ, ਦਦਿਆਨਾ ਕਲਾਂ ਤੇ ਬਗੇਵਾਲ ਦੇ ਸਾਰੇ ਘਰਾਂ ਨੂੰ ਕਵਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਕੇਂਦਰੀ ਟੀਮ ਨੇ ਪਿੰਡ ਦੇ ਵੇਸਟ ਵਾਟਰ ਟਰੀਟਮੈਂਟ ਪਲਾਂਟ ਦਾ ਵੀ ਦੌਰਾ ਕੀਤਾ। ਪਿੰਡ ਦਾ ਵੇਸਟ ਵਾਟਰ ਡਰੇਨੇਜ਼ ਚੈਨਲ ਰਾਹੀਂ ਪਲਾਂਟ ਵਿਚ ਜਾਂਦਾ ਹੈ ਅਤੇ ਫਲਾਈ ਐਸ਼ ’ਤੇ ਆਧਾਰਤ ਟਰੀਟਮੈਂਟ ਤਕਨੀਕ ਦਾ ਪ੍ਰਯੋਗ ਕਰਕੇ ਉਸ ਨੂੰ ਟਰੀਟ ਕੀਤਾ ਜਾਂਦਾ ਹੈ। ਇਸ ਪਲਾਂਟ ਵਿਚ 4 ਲੱਖ ਲੀਟਰ ਪਾਣੀ ਦੇ ਸਟੋਰੇਜ ਦੀ ਸਮਰਥਾ ਹੈ ਅਤੇ ਇਹ ਸੋਰ ਊਰਜਾ ਦੇ ਪ੍ਰਯੋਗ ਤੋਂ ਕੰਮ ਕਰਦਾ ਹੈ। ਇਸ ਤੋਂ ਬਾਅਦ ਟਰੀਟ ਕੀਤਾ ਪਾਣੀ ਸਿੰਚਾਈ ਲਈ ਪ੍ਰਯੋਗ ਕੀਤਾ ਜਾਦਾ ਹੈ।
ਕਰਨਜੀਤ ਸਿੰਘ ਨੇ ਸੋਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਹੋਰ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੇ ਸਮਾਜ ਆਧਾਰਤ ਮਾਡਲਾਂ ਨੂੰ ਦੁਹਰਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਫ਼ਲ ਪ੍ਰੋਜੈਕਟਾਂ ਲਈ ਵਿਵਹਾਰਕ ਤਬਦੀਲੀਆਂ ਦੀਆਂ ਗਤੀਵਿਧੀਆਂ ਅਤੇ ਸਫ਼ਲ ਪ੍ਰੋਜੈਕਟਾਂ ਲਈ ਐਕਸਪੋਜ਼ਰ ਦੌਰੇ ਓ.ਡੀ.ਐਫ. ਪਲਸ ਪਿੰਡ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਰਾਹ ਪੱਧਰਾ ਕਰਨਗੀਆਂ, ਜਿਸ ਨਾਲ ਪਿੰਡਾਂ ਦਾ ਵਾਤਾਵਰਣ ਸਾਫ਼ ਅਤੇ ਪ੍ਰਦੂਸ਼ਣ ਮੁਕਤ ਹੋਵੇਗਾ।
ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਅਸ਼ਵਨੀ ਕੁਮਾਰ ਮੱਟੂ, ਐਸ.ਡੀ.ਓ. (ਸੈਨੀਟੇਸ਼ਨ) ਸਰਬਜੀਤ ਸਿੰਘ, ਉਪ ਮੰਡਲ ਇੰਜੀਨੀਅਰ ਵਿਕਾਸ ਸੈਣੀ, ਜੂਨੀਅਰ ਇੰਜੀ: ਅਤੇ ਏ.ਡੀ.ਐਸ.ਓ. ਨਵਨੀਤ ਕੁਮਾਰ ਜਿੰਦਲ ਵੀ ਮੌਜੂਦ ਸਨ।